Asian Games 2023 Medal Tally India 3rd Day: ਏਸ਼ਿਆਈ ਖੇਡਾਂ 2023 ਦਾ ਤੀਜਾ ਦਿਨ ਜਾਰੀ ਹੈ। ਤੀਜੇ ਦਿਨ ਹੁਣ ਤੱਕ 1 ਗੋਲਡ ਸਮੇਤ 3 ਮੈਡਲ ਭਾਰਤ ਦੇ ਖਾਤੇ 'ਚ ਆ ਚੁੱਕੇ ਹਨ। ਘੋੜ ਸਵਾਰੀ ਟੀਮ ਨੇ ਦੇਸ਼ ਲਈ ਸੋਨ ਤਗਮਾ ਜਿੱਤਿਆ। ਭਾਰਤ ਦੀ ਘੋੜਸਵਾਰ ਡ੍ਰੈਸੇਜ ਟੀਮ ਨੇ ਇਤਿਹਾਸ ਰਚਿਆ ਤੇ 41 ਸਾਲ ਬਾਅਦ ਸੋਨ ਤਮਗਾ ਜਿੱਤਿਆ। ਘੋੜਸਵਾਰ ਟੀਮ ਵਿੱਚ ਸੁਦੀਪਤੀ ਹਜੇਲਾ, ਦਿਵਯਕੀਰਤੀ ਸਿੰਘ, ਅਨੁਸ਼ ਅਗਰਵਾਲ ਤੇ ਹਿਰਦੇ ਛੇੜਾ ਸ਼ਾਮਲ ਸਨ। ਇਸ ਤੋਂ ਇਲਾਵਾ ਬਾਕੀ ਦੇ ਦੋ ਤਗਮੇ ਸੇਲਿੰਗ ਵਿੱਚ ਆਏ ਹਨ।
17 ਸਾਲਾ ਨੇਹਾ ਠਾਕੁਰ ਨੇ ਸੇਲਿੰਗ ਵਿੱਚ ਤੀਜੇ ਦਿਨ ਤਗ਼ਮੇ ਨਾਲ ਭਾਰਤ ਦਾ ਖਾਤਾ ਖੋਲ੍ਹਿਆ। ਨੇਹਾ ਨੇ ਮਹਿਲਾ ਸੇਲਿੰਗ ਈਵੈਂਟ 'ਚ ਦੂਜੇ ਸਥਾਨ 'ਤੇ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ। ਫਿਰ ਇਬਾਦ ਅਲੀ ਨੇ ਭਾਰਤ ਨੂੰ ਦਿਨ ਦਾ ਦੂਜਾ ਤਮਗਾ ਦਿਵਾਇਆ। ਇਬਾਦ ਨੇ ਵਿੰਡਸਰਫਰ RS:X ਸ਼੍ਰੇਣੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਭਾਰਤੀ ਟੀਮ ਨੇ ਹੁਣ ਤੱਕ ਕੁੱਲ 14 ਤਗਮੇ ਆਪਣੇ ਖਾਤੇ ਵਿੱਚ ਪਾ ਲਏ ਹਨ।
ਪਹਿਲੇ ਦਿਨ 5 ਤੇ ਦੂਜੇ ਦਿਨ 6 ਮੈਡਲ ਜਿੱਤੇ
ਏਸ਼ਿਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਨੇ 5 ਤਗਮੇ ਜਿੱਤੇ। ਇਸ ਤੋਂ ਬਾਅਦ ਦੂਜੇ ਦਿਨ ਭਾਰਤ ਨੇ 6 ਤਗਮੇ ਜਿੱਤੇ, ਜਿਸ 'ਚ ਦੋ ਸੋਨ ਤਗਮੇ ਸ਼ਾਮਲ ਹਨ। ਦੂਜੇ ਦਿਨ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਪਹਿਲਾ ਗੋਲਡ ਆਇਆ। ਫਿਰ ਮਹਿਲਾ ਕ੍ਰਿਕਟ ਟੀਮ ਨੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਭਾਰਤ ਦੇ ਖਾਤੇ ਵਿੱਚ ਦੂਜਾ ਸੋਨ ਤਮਗਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਦੂਜੇ ਦਿਨ ਦੋ ਸੋਨ ਤਗ਼ਮੇ ਜਿੱਤੇ।
3 ਗੋਲਡ ਸਮੇਤ 14 ਤਗਮੇ
ਪਹਿਲੇ ਦਿਨ 5, ਦੂਜੇ ਦਿਨ 6 ਤੇ ਤੀਜੇ ਦਿਨ ਹੁਣ ਤੱਕ ਭਾਰਤ ਨੇ 1 ਗੋਲਡ ਸਮੇਤ 3 ਮੈਡਲਾਂ ਸਮੇਤ ਕੁੱਲ 14 ਤਗਮੇ ਜਿੱਤੇ ਹਨ। 14 ਤਗਮਿਆਂ ਵਿੱਚ 3 ਸੋਨ, 4 ਚਾਂਦੀ ਤੇ 7 ਕਾਂਸੀ ਦੇ ਤਗਮੇ ਸ਼ਾਮਲ ਹਨ।
ਤੀਜੇ ਦਿਨ ਭਾਰਤ ਨੇ ਹੁਣ ਤੱਕ 1 ਸੋਨੇ ਸਮੇਤ 3 ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਕਈ ਖੇਡਾਂ ਵਿੱਚ ਭਾਰਤ ਵੱਲੋਂ ਚੰਗਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਉਦਾਹਰਣ ਵਜੋਂ ਭਾਰਤੀ ਮਹਿਲਾ ਸਕੁਐਸ਼ ਟੀਮ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ। ਇਸ ਤੋਂ ਇਲਾਵਾ ਪੁਰਸ਼ ਹਾਕੀ ਟੀਮ ਨੇ ਆਪਣੇ ਗਰੁੱਪ ਪੜਾਅ ਦੇ ਦੂਜੇ ਮੈਚ ਵਿੱਚ ਸਿੰਗਾਪੁਰ ਨੂੰ 16-1 ਨਾਲ ਹਰਾਇਆ। ਇਸ ਤੋਂ ਪਹਿਲਾਂ ਹਾਕੀ ਨੇ ਗਰੁੱਪ ਪੜਾਅ ਦੇ ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ ਸੀ।