India at Asian Games 2023: ਚੀਨ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ 2023 'ਚ ਭਾਰਤ ਨੇ 100 ਤਗਮੇ ਜਿੱਤਣ ਦਾ ਅੰਕੜਾ ਛੂਹ ਲਿਆ ਹੈ। ਏਸ਼ਿਆਈ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। ਭਾਰਤ ਦੀ ਇਸ ਵੱਡੀ ਪ੍ਰਾਪਤੀ ਨੂੰ ਦੇਖਦੇ ਹੋਏ  ਹੁਣ ਆਮ ਲੋਕਾਂ ਤੋਂ ਲੈ ਕੇ ਖਾਸ ਲੋਕਾਂ ਤੱਕ ਹਰ ਕੋਈ ਜਸ਼ਨ ਮਨਾ ਰਿਹਾ ਹੈ। ਖੇਡ ਪ੍ਰੇਮੀ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ। ਰਾਜਨੀਤੀ ਤੋਂ ਲੈ ਕੇ ਖੇਡਾਂ ਤੱਕ ਦੀਆਂ ਵੱਡੀਆਂ ਹਸਤੀਆਂ ਵੀ ਇਸ ਮੌਕੇ 'ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀਆਂ ਹਨ ਅਤੇ ਭਾਰਤੀ ਖਿਡਾਰੀਆਂ ਨੂੰ ਵਧਾਈਆਂ ਦੇ ਰਹੀਆਂ ਹਨ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਹਨ। ਏਸ਼ੀਆਈ ਖੇਡਾਂ 'ਚ 100 ਤਗਮੇ ਜਿੱਤਣ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ 10 ਅਕਤੂਬਰ ਨੂੰ ਏਸ਼ੀਆਈ ਖੇਡਾਂ 'ਚ ਜਾ ਰਹੇ ਭਾਰਤੀ ਦਲ ਨੂੰ ਮਿਲਣਗੇ।


ਪੀਐਮ ਮੋਦੀ ਨੇ ਲਿਖਿਆ, 'ਇਹ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਇਹ ਇੱਕ ਮਹੱਤਵਪੂਰਨ ਉਪਲਬਧੀ ਹੈ। ਭਾਰਤ ਦੇ ਲੋਕ ਬਹੁਤ ਖੁਸ਼ ਹਨ ਕਿ ਅਸੀਂ 100 ਤਗਮਿਆਂ ਦੀ ਸ਼ਾਨਦਾਰ ਪ੍ਰਾਪਤੀ ਤੱਕ ਪਹੁੰਚ ਗਏ ਹਾਂ। ਮੈਂ ਆਪਣੇ ਖਿਡਾਰੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ, ਜਿਨ੍ਹਾਂ ਦੇ ਯਤਨਾਂ ਸਦਕਾ ਭਾਰਤ ਨੇ ਇਹ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਹਰ ਪ੍ਰਦਰਸ਼ਨ ਨੇ ਇਤਿਹਾਸ ਰਚਿਆ ਹੈ ਅਤੇ ਸਾਡੇ ਦਿਲਾਂ ਨੂੰ ਮਾਣ ਨਾਲ ਭਰ ਦਿੱਤਾ ਹੈ। ਮੈਂ 10 ਤਰੀਕ ਨੂੰ ਸਾਡੀਆਂ ਏਸ਼ੀਅਨ ਖੇਡਾਂ ਦੀ ਟੀਮ ਦੀ ਮੇਜ਼ਬਾਨੀ ਕਰਨ ਅਤੇ ਆਪਣੇ ਖਿਡਾਰੀਆਂ ਨਾਲ ਗੱਲਬਾਤ ਕਰਨ ਲਈ ਉਤਸੁਕ ਹਾਂ।






ਪੀਐਮ ਮੋਦੀ ਤੋਂ ਇਲਾਵਾ ਸਚਿਨ ਤੇਂਦੁਲਕਰ, ਕਿਰਨ ਰਿਜਿਜੂ ਅਤੇ ਯੋਗੀ ਆਦਿਤਿਆਨਾਥ ਵਰਗੇ ਦਿੱਗਜ ਵੀ ਸੋਸ਼ਲ ਮੀਡੀਆ 'ਤੇ ਭਾਰਤ ਦੀ ਇਸ ਉਪਲਬਧੀ 'ਤੇ ਖੁਸ਼ੀ ਜ਼ਾਹਰ ਕਰ ਰਹੇ ਹਨ।


ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ


ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤ ਨੇ ਹੁਣ ਤੱਕ 25, 35 ਚਾਂਦੀ ਅਤੇ 40 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਤੋਂ ਪਹਿਲਾਂ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ 2018 ਵਿੱਚ ਆਇਆ ਸੀ। ਫਿਰ ਭਾਰਤ ਨੂੰ 70 ਮੈਡਲ ਮਿਲੇ ਸੀ।