Gerard Pique Retires: ਬਾਰਸੀਲੋਨਾ ਦੇ ਸਟਾਰ ਡਿਫੈਂਡਰ ਜੇਰਾਰਡ ਪਿਕੇ (Gerard Pique) ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਸ਼ਨੀਵਾਰ ਨੂੰ ਅਲਮੇਰੀਆ ਫੁੱਟਬਾਲ ਕਲੱਬ ਖਿਲਾਫ਼ ਹੋਣ ਵਾਲਾ ਮੈਚ ਉਹਨਾਂ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ। 35 ਸਾਲਾ ਸਪੈਨਿਸ਼ ਖਿਡਾਰੀ ਨੇ ਟਵਿੱਟਰ 'ਤੇ ਇਕ ਪੋਸਟ ਰਾਹੀਂ ਫੁੱਟਬਾਲ ਨੂੰ ਬਤੌਰ ਖਿਡਾਰੀ ਅਲਵਿਦਾ ਕਹਿਣ ਦੀ ਜਾਣਕਾਰੀ ਦਿੱਤੀ।


ਜੇਰਾਰਡ ਪਿਕ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ, ਜਿਸ ਵਿਚ ਉਹ ਬਾਰਸੀਲੋਨਾ ਨਾਲ ਆਪਣੇ ਸਬੰਧਾਂ ਦੀ ਕਹਾਣੀ ਦੱਸਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਗੇਰਾਰਡ ਦਾ ਬਚਪਨ ਤੋਂ ਹੀ ਬਾਰਸੀਲੋਨਾ ਪ੍ਰਤੀ ਜਨੂੰਨ ਸਾਫ ਨਜ਼ਰ ਆ ਰਿਹਾ ਹੈ। ਉਹ ਕਹਿੰਦਾ ਹੈ, 'ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਹ ਪਲ ਚੁਣਿਆ ਹੈ ਜਦੋਂ ਮੈਨੂੰ ਆਪਣੀ ਇਸ ਯਾਤਰਾ ਨੂੰ ਖਤਮ ਕਰਨਾ ਹੈ। ਸ਼ਨੀਵਾਰ ਨੂੰ, ਮੈਨੂੰ ਕੈਂਪਨੌ (ਬਾਰਸੀਲੋਨਾ ਸਟੇਡੀਅਮ) ਵਿੱਚ ਆਖਰੀ ਵਾਰ ਦੇਖਿਆ ਜਾਵੇਗਾ। ਬਾਰਸੀਲੋਨਾ ਤੋਂ ਬਾਅਦ ਮੈਂ ਕਿਸੇ ਹੋਰ ਟੀਮ ਵਿੱਚ ਨਹੀਂ ਜਾ ਰਿਹਾ ਹਾਂ। ਹਾਂ ਜਲਦੀ ਜਾਂ ਥੋੜ੍ਹੀ ਦੇਰ ਬਾਅਦ ਮੈਂ ਇੱਥੇ ਦੁਬਾਰਾ ਆਵਾਂਗਾ।'


ਗੇਰਾਰਡ ਵਿਸ਼ਵ ਕੱਪ ਜੇਤੂ ਟੀਮ ਦੇ ਰਹਿ ਚੁੱਕੇ ਨੇ ਮੈਂਬਰ


ਗੇਰਾਰਡ ਪਿਕ ਨੇ ਬਾਰਸੀਲੋਨਾ ਦੇ ਨਾਲ ਸ਼ਾਨਦਾਰ ਯਾਤਰਾ ਕੀਤੀ ਹੈ। ਉਸਨੇ ਬਾਰਸੀਲੋਨਾ ਦੇ ਨਾਲ ਰਹਿੰਦਿਆਂ ਤਿੰਨ ਚੈਂਪੀਅਨਜ਼ ਲੀਗ ਖਿਤਾਬ ਜਿੱਤੇ ਹਨ। ਉਹਨਾਂ 2010 ਵਿੱਚ ਫੀਫਾ ਵਿਸ਼ਵ ਕੱਪ ਅਤੇ 2012 ਵਿੱਚ ਯੂਰੋ ਕੱਪ ਜਿੱਤਣ ਵਾਲੀ ਸਪੈਨਿਸ਼ ਟੀਮ ਦਾ ਵੀ ਹਿੱਸਾ ਰਿਹਾ ਹੈ। ਗੇਰਾਰਡ ਨੂੰ ਫੁੱਟਬਾਲ ਜਗਤ ਦੇ ਸਰਵੋਤਮ ਡਿਫੈਂਡਰਾਂ 'ਚ ਗਿਣਿਆ ਜਾਂਦਾ ਹੈ।


 






 


ਬਾਰਸੀਲੋਨਾ ਨੇ 8 ਲਾ ਲੀਗਾ ਖਿਤਾਬ ਜਿੱਤੇ 


ਗੇਰਾਰਡ ਨੇ ਬਾਰਸੀਲੋਨਾ ਨਾਲ 8 ਲਾ ਲੀਗਾ, 7 ਕੋਪਾ ਡੇਲ ਰੇ, 3 ਕਲੱਬ ਵਿਸ਼ਵ ਕੱਪ, 3 ਯੂਰਪੀਅਨ ਸੁਪਰ ਕੱਪ, 6 ਸਪੈਨਿਸ਼ ਸੁਪਰ ਕੱਪ ਜਿੱਤੇ ਹਨ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਨਚੈਸਟਰ ਯੂਨਾਈਟਿਡ ਨਾਲ ਕੀਤੀ। ਜੈਰਾਰਡ ਨੇ ਇਸ ਇੰਗਲਿਸ਼ ਕਲੱਬ ਦੇ ਨਾਲ ਇੱਕ ਚੈਂਪੀਅਨਜ਼ ਲੀਗ, ਇੱਕ ਪ੍ਰੀਮੀਅਰ ਲੀਗ ਅਤੇ ਇੱਕ ਇੰਗਲਿਸ਼ ਲੀਗ ਕੱਪ ਵੀ ਜਿੱਤਿਆ ਹੈ। ਗੇਰਾਰਡ ਨੇ ਬਾਰਸੀਲੋਨਾ ਲਈ 615 ਮੈਚ ਖੇਡੇ। ਇਸ 'ਚ ਉਸ ਨੇ ਡਿਫੈਂਡਰ ਦੇ ਤੌਰ 'ਤੇ ਨਾ ਸਿਰਫ ਕਈ ਹਮਲਿਆਂ ਨੂੰ ਰੋਕਿਆ, ਸਗੋਂ 52 ਗੋਲ ਵੀ ਕੀਤੇ।