ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਚੁਣੇ ਜਾਣ ‘ਤੇ ਵੱਡੀ ਅਪਡੇਟ ਸਾਹਮਣੇ ਆਈ ਹੈ। ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਨੇ ਕੋਚ ਅਹੁਦੇ ਦੇ ਇੰਟਰਵਿਊ ਲਈ 6 ਦਾਅਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਹੈ। ਇਨ੍ਹਾਂ ਛੇ ‘ਚ ਮੌਜੂਦਾ ਕੋਚ ਰਵੀ ਸ਼ਾਸ਼ਤਰੀ ਤੋਂ ਇਲਾਵਾ ਟੌਮ ਮੁਡੀ, ਰੋਬਿਨ ਸਿੰਘ, ਲਾਲਚੰਦ ਰਾਜਪੂਤ, ਫਿਲ ਸਿਮੰਸ ਤੇ ਮਾਈਕ ਹੇਸਨ ਨੂੰ ਥਾਂ ਮਿਲੀ ਹੈ।

ਮੀਡੀਆ ਰਿਪੋਰਟਸ ਮੁਤਾਬਕ ਬੀਸੀਸੀਆਈ ਨੇ ਇਨ੍ਹਾਂ ਸਾਰੇ ਕੈਂਡੀਡੇਟਸ ਨੂੰ ਇੰਟਰਵਿਊ ਦੀ ਤਾਰੀਖ ਤੇ ਸਮੇਂ ਬਾਰੇ ਜਾਣਕਾਰੀ ਦੇ ਦਿੱਤੀ ਹੈ। ਬੋਰਡ ਨੂੰ ਬੈਟਿੰਗ, ਬਾਲਿੰਗ ਤੇ ਮੁੱਖ ਕੋਚ ਲਈ ਕਰੀਬ 2 ਹਜ਼ਾਰ ਐਪਲੀਕੇਸ਼ਨ ਮਿਲੇ ਸੀ। ਕੁਝ ਵੱਡੇ ਨਾਂਵਾਂ ਨੇ ਭਾਰਤੀ ਟੀਮ ਦਾ ਕੋਚ ਬਣਨ ‘ਚ ਦਿਲਚਸਪੀ ਦਿਖਾਈ। ਬੈਟਿੰਗ, ਬਾਲਿੰਗ ਤੇ ਫੀਲਡਿੰਗ ਕੋਚ ਦੀ ਨਿਯੁਕਤੀ ਮੁੱਖ ਸਿਲੈਕਟਰ ਐਮਐਸਕੇ ਪ੍ਰਸਾਦ ਕਰਨਗੇ।

ਇਸ ਦੇ ਨਾਲ ਜਾਣਕਾਰੀ ਮਿਲੀ ਹੈ ਕਿ ਰਵੀ ਸ਼ਾਸਤਰੀ ਇਸ ਅਹੁਦੇ ਦੀ ਰੇਸ ‘ਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਰਵੀ ਸ਼ਾਸਤਰੀ ਰੇਸ ‘ਚ ਅੱਗੇ ਹੋਣ ਦਾ ਕਾਰਨ ਉਨ੍ਹਾਂ ਨੂੰ ਟੀਮ ਦੇ ਕਪਤਾਨ ਦਾ ਸਪੋਰਟ ਮਿਲਣਾ ਹੈ ਪਰ ਅਜੇ ਤਕ ਇਹ ਤੈਅ ਨਹੀਂ ਕਿ ਕ੍ਰਿਕਟ ਐਡਵਾਈਜ਼ਰੀ ਕਮੇਟੀ ਦੇ ਮੈਂਬਰਸ ਕੋਚ ਅਹੁਦੇ ਲਈ ਕਪਤਾਨ ਦੀ ਸਲਾਹ ਲੈਣਗੇ ਜਾਂ ਨਹੀਂ।