ਨਵੀਂ ਦਿੱਲੀ: ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਵੀਰਵਾਰ ਨੂੰ ਸਟਾਰ ਆਲਰਾਊਂਡਰ ਬੇਨ ਸਟੋਕਸ (Ben Stokes) ਨੂੰ ਇੰਗਲੈਂਡ ਦੀ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਟੈਸਟ ਕਪਤਾਨ ਵਜੋਂ ਸਟੋਕਸ ਦੀ ਪਹਿਲੀ ਜ਼ਿੰਮੇਵਾਰੀ ਜੂਨ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਦੋ ਮੈਚਾਂ ਦੀ ਘਰੇਲੂ ਸੀਰੀਜ਼ ਹੋਵੇਗੀ। ਸਟੋਕਸ ਕੁਝ ਗੇਂਦਾਂ ਵਿੱਚ ਮੈਚ ਦਾ ਰੁਖ ਬਦਲ ਸਕਦੇ ਹਨ। ਉਹ ਆਪਣੀ ਗੇਂਦਬਾਜ਼ੀ ਅਤੇ ਸ਼ਾਨਦਾਰ ਬੱਲੇਬਾਜ਼ੀ ਲਈ ਮਸ਼ਹੂਰ ਹੈ।
ਜੋ ਰੂਟ ਦੀ ਕਪਤਾਨੀ ਵਿੱਚ ਇੰਗਲੈਂਡ ਨੇ ਬਹੁਤ ਖਰਾਬ ਪ੍ਰਦਰਸ਼ਨ ਕੀਤਾ। ਪਿਛਲੇ 17 ਟੈਸਟ ਮੈਚਾਂ ਵਿੱਚ ਇੰਗਲੈਂਡ ਸਿਰਫ਼ ਇੱਕ ਹੀ ਜਿੱਤ ਸਕਿਆ ਹੈ। ਇਸ ਤੋਂ ਬਾਅਦ ਜੋ ਰੂਟ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ। ਹੁਣ ਰੂਟ ਦੀ ਥਾਂ ਬੇਨ ਸਟੋਕਸ ਨੂੰ ਕਪਤਾਨ ਬਣਾਇਆ ਗਿਆ ਹੈ।ਆਈਨਿਊਜ਼ ਦੀ ਰਿਪੋਰਟ ਮੁਤਾਬਕ ਇੰਗਲੈਂਡ ਕ੍ਰਿਕਟ ਦੇ ਨਵੇਂ ਮੈਨੇਜਿੰਗ ਡਾਇਰੈਕਟਰ ਰੌਬ ਕੀ ਨੇ ਕਪਤਾਨ ਦੀ ਭੂਮਿਕਾ 'ਤੇ ਚਰਚਾ ਕਰਨ ਲਈ ਸਟੋਕਸ ਨਾਲ ਮੀਟਿੰਗ ਕੀਤੀ ਸੀ।
ਰਿਪੋਰਟ 'ਚ ਕਿਹਾ ਗਿਆ ਸੀ ਕਿ ਸਟੋਕਸ ਨੂੰ 48 ਘੰਟਿਆਂ ਦੇ ਅੰਦਰ ਜਲਦ ਹੀ ਇੰਗਲੈਂਡ ਦਾ ਨਵਾਂ ਟੈਸਟ ਕਪਤਾਨ ਐਲਾਨਿਆ ਜਾ ਸਕਦਾ ਹੈ। ਸਟੋਕਸ ਇਸ ਤੋਂ ਪਹਿਲਾਂ ਟੀਮ 'ਚ ਉਪ-ਕਪਤਾਨ ਦੇ ਅਹੁਦੇ 'ਤੇ ਸਨ। ਸਟੋਕਸ ਨੇ ਖੁਦ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਸ਼ਾਇਦ ਉਨ੍ਹਾਂ ਨੂੰ ਟੈਸਟ ਕਪਤਾਨ ਵਜੋਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਤੇ ਇਹ ਫੈਸਲਾ ਇੰਗਲੈਂਡ ਦੇ ਨਵੇਂ ਮੈਨੇਜਿੰਗ ਡਾਇਰੈਕਟਰ ਰੌਬ ਕਰਨਗੇ।
ਬੇਨ ਸਟੋਕਸ ਨੇ ਟੀਮ ਦਾ ਕਪਤਾਨ ਬਣਾਏ ਜਾਣ ਤੋਂ ਪਹਿਲਾਂ ਵੱਡੀ ਮੰਗ ਕੀਤੀ ਸੀ। ਖਬਰਾਂ ਮੁਤਾਬਕ ਬੇਨ ਸਟੋਕਸ ਇਕ ਵਾਰ ਫਿਰ ਜੇਮਸ ਐਂਡਰਸਨ ਅਤੇ ਬ੍ਰਾਡ ਨੂੰ ਟੀਮ 'ਚ ਚਾਹੁੰਦੇ ਹਨ। ਦੱਸ ਦੇਈਏ ਕਿ ਵਧਦੀ ਉਮਰ ਕਾਰਨ ਇਹ ਦੋਵੇਂ ਖਿਡਾਰੀ ਟੀਮ ਤੋਂ ਬਾਹਰ ਹਨ। ਜੇਮਸ ਐਂਡਰਸਨ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਇਸ ਤੋਂ ਇਲਾਵਾ ਬ੍ਰਾਡ ਟੈਸਟ 'ਚ ਇੰਗਲੈਂਡ ਦੇ ਦੂਜੇ ਸਭ ਤੋਂ ਸਫਲ ਗੇਂਦਬਾਜ਼ ਹਨ।