ਚੰਡੀਗੜ੍ਹ: ਭਾਰਤ ਦੀ ਮਹਿਲਾ ਟੀਮ ਆਸਟ੍ਰੇਲੀਆ 'ਚ ਆਈਸੀਸੀ ਵੂਮਨ ਟੀ-20 ਵਰਲਡ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਧਰ ਭਾਰਤ ਦੀ ਹੀ ਕੁਝ ਕਮਾਲ ਦੀਆਂ ਖਿਡਾਰਣਾਂ ਵੱਖਰਾ ਹੀ ਰਿਕਾਰਡ ਕਾਇਮ ਕਰਨ 'ਚ ਲੱਗੀਆਂ ਹੋਈਆਂ ਹਨ। ਜੀ ਹਾਂ, ਆਂਧਰਾ ਪ੍ਰਦੇਸ਼ 'ਚ ਖੇਡੇ ਜਾ ਰਹੇ ਵੂਮਨ ਅੰਡਰ 19 ਵਨਡੇ ਮੈਚ 'ਚ ਇੱਕ ਕਾਸ਼ਵੀ ਗੌਤਮ ਨਾਂ ਦੀ ਤੇਜ਼ ਗੇਂਦਬਾਜ਼ ਨੇ ਇਕੱਲੇ ਹੀ ਸਾਰੀ ਟੀਮ ਨੂੰ ਆਊਟ ਕਰ ਦਿੱਤਾ।


ਚੰਡੀਗੜ੍ਹ ਟੀਮ ਦੀ ਤੇਜ਼ ਗੇਂਦਬਾਜ਼ ਤੇ ਕਪਤਾਨ ਕਾਸ਼ਵੀ ਗੌਤਮ, ਅਰੁਣਾਚਲ ਪ੍ਰਦੇਸ਼ ਟੀਮ 'ਤੇ ਕਹਿਰ ਬਣ ਵਰ੍ਹੀ। ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਸ਼ਵੀ ਨੇ ਇੱਕ ਨਹੀਂ, ਦੋ ਨਹੀਂ ਸਗੋਂ ਵਿਰੋਧੀ ਟੀਮ ਦੀਆਂ ਸਾਰੀਆਂ 10 ਵਿਕਟਾਂ ਆਪਣੇ ਨਾਂ ਕੀਤੀਆਂ ਜਿਸ 'ਚ ਉਸ ਦੀ ਇੱਕ ਹੈਟ੍ਰਿਕ ਵੀ ਸ਼ਾਮਲ ਹੈ।


ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੇ ਆਪਣੇ ਆਫੀਸ਼ੀਅਲ ਟਵਿਟਰ ਬੀਸੀਸੀਆਈ ਵੂਮਨ ਕ੍ਰਿਕਟ ਹੈਂਡਲ 'ਤੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਹੈ ਕਿ ਇਸ ਖਿਡਾਰੀ ਨੇ ਇਤਿਹਾਸ ਸਿਰਜਿਆ ਹੈ। ਇਸ ਮੈਚ 'ਚ ਕਾਸ਼ਵੀ ਨੇ ਪਹਿਲੇ ਹੀ ਓਵਰ 'ਚ ਦੋ ਵਿਕਟਾਂ ਆਪਣੇ ਨਾਂ ਕੀਤੀਆਂ ਸੀ। ਜਦਕਿ ਦੂਜੇ ਪਾਸੇ ਉਸ ਨੇ ਤਿੰਨ ਵਿਕਟਾਂ ਲਈਆਂ ਜੋ ਆਖਰੀ ਤਿੰਨ ਗੇਂਦਾਂ 'ਤੇ ਮਿਲੀਆਂ ਤੇ ਉਸ ਦੀ ਹੈਟ੍ਰਿਕ ਪੂਰੀ ਹੋਈ।