ਲੰਡਨ: ਵਿਸ਼ਵ ਕੱਪ 2019 ਦੌਰਾਨ ਭਾਰਤੀ ਕ੍ਰਿਕੇਟ ਟੀਮ ਦੀ ਜਰਸੀ ਬਾਰੇ ਚਰਚਾਵਾਂ ਦਾ ਦੌਰ ਆਖਿਰਕਾਰ ਖ਼ਤਮ ਹੋ ਗਿਆ ਹੈ। ਵਿਸ਼ਵ ਕੱਪ 'ਚ ਟੀਮ ਇੰਡੀਆ ਨੇ ਬਹੁਚਰਚਿਤ ਜਰਸੀ ਤੋਂ ਪਰਦਾ ਚੁੱਕ ਦਿੱਤਾ। ਲੰਮੇ ਵਿਵਾਦ ਤੇ ਕਿਆਸਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਬੀਸੀਸੀਆਈ ਦੀ ਅਧਿਕਾਰਤ ਕਿਟ ਸਪਾਂਸਰ Nike ਨੇ ਨਵੇਂ ਜਰਸੀ ਲਾਂਚ ਕਰ ਦਿੱਤੀ ਹੈ।

ਟੀਮ ਇੰਡੀਆ ਦੀ ਨਵੀਂ ਜਰਸੀ ਨੂੰ ਬੀਸੀਸੀਆਈ ਨੇ ਓਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਨਵੀਂ ਜਰਸੀ ਸਾਹਮਣੇ ਤੋਂ ਗੂਹੜੇ ਨੀਲੇ ਰੰਗ ਦੀ ਨਜ਼ਰ ਆਵੇਗੀ ਤੇ ਪਿੱਛੇ ਅਤੇ ਬਾਹਵਾਂ ਤੋਂ ਭਗਵੇਂ ਰੰਗ ਵਿੱਚ ਨਜ਼ਰ ਆਵੇਗੀ। ਭਾਰਤੀ ਟੀਮ ਨੇ ਇੰਗਲੈਂਡ ਖਿਲਾਫ 30 ਜੂਨ ਨੂੰ ਮੈਚ ਖੇਡਣਾ ਹੈ। ਇਸ ਮੈਚ 'ਚ ਮੈੱਨ ਇਨ ਬਲਿਊ ਟੀਮ ਨਵੀਂ ਲੁੱਕ ਵਿੱਚ ਨਜ਼ਰ ਆਵੇਗੀ।


ਦਰਅਸਲ, ਇਹ ਨਵੀਂ ਜਰਸੀ ਕੇਵਲ ਇੱਕ ਮੈਚ ਲਈ ਜਾਰੀ ਕੀਤੀ ਗਈ ਹੈ। ਭਾਰਤੀ ਟੀਮ ਕੇਵਲ ਇੰਗਲੈਂਡ ਖ਼ਿਲਾਫ਼ ਨਵੀਂ ਜਰਸੀ ਪਹਿਨੇਗੀ। ਨਵੀਂ ਜਰਸੀ ਦੀ ਜ਼ਰੂਰਤ ਇਸ ਲਈ ਪਈ ਕਿਉਂਕਿ ਭਾਰਤ ਤੇ ਇੰਗਲੈਂਡ ਦੀਆਂ ਜਰਸੀਆਂ ਦਾ ਰੰਗ ਆਪਸ 'ਚ ਮੇਲ ਖਾਂਦਾ ਹੈ। ਇਸ ਕਾਰਨ ਦੋਵਾਂ ਟੀਮਾਂ 'ਚ ਫਰਕ ਰੱਖਣ ਲਈ ਜਰਸੀ ਬਦਲੀ ਗਈ ਹੈ।

ਆਈਸੀਸੀ ਦੇ ਨਿਯਮ ਅਨੁਸਾਰ ਮੇਜ਼ਬਾਨ ਟੀਮ ਆਪਣੀ ਜਰਸੀ ਦਾ ਰੰਗ ਬਦਲ ਨਹੀਂ ਸਕਦੀ। ਇਸ ਕਾਰਨ ਟੀਮ ਇੰਡੀਆ ਬਦਲਵੀਂ ਕਿੱਟ 'ਚ ਖੇਡੇਗੀ। ਜੇਕਰ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਸੈਮੀਫਾਈਨਲ ਜਾਂ ਫਾਈਨਲ 'ਚ ਹੁੰਦਾ ਹੈ ਤਾਂ ਟੀਮ ਇੰਡੀਆ ਨੂੰ ਨਵੀਂ ਜਰਸੀ ਫਿਰ ਤੋਂ ਪਾਉਣੀ ਪਵੇਗੀ।