Sudhir Para Powerlifter: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਨੇ ਵੀਰਵਾਰ ਨੂੰ ਪੈਰਾ-ਪਾਵਰਲਿਫਟਿੰਗ ਵਿੱਚ ਗੋਲਡ ਮੈਡਲ ਹਾਸਲ ਕੀਤਾ। ਇਹ ਗੋਲਡ ਮੈਡਲ ਪੁਰਸ਼ਾਂ ਦੇ ਹੈਵੀਵੇਟ ਵਰਗ ਵਿੱਚ 27 ਸਾਲਾ ਸੁਧੀਰ ਨੇ ਜਿੱਤਿਆ। ਉਸ ਨੇ 212 ਕਿਲੋ ਭਾਰ ਚੁੱਕ ਕੇ ਰਿਕਾਰਡ 134.5 ਅੰਕਾਂ ਨਾਲ ਸੋਨ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਪੈਰਾ ਪਾਵਰਲਿਫਟਿੰਗ ਈਵੈਂਟ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਮਗਾ ਸੀ।


ਰਾਸ਼ਟਰਮੰਡਲ ਖੇਡਾਂ ਵਿੱਚ ਇਹ ਇਤਿਹਾਸ ਰਚਣ ਵਾਲਾ ਸੁਧੀਰ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ। ਪੋਲੀਓ ਨੇ ਉਸ ਨੂੰ ਸਿਰਫ 5 ਸਾਲ ਦੀ ਉਮਰ ਵਿੱਚ ਅਪਾਹਜ ਬਣਾ ਦਿੱਤਾ। ਕੁਝ ਸਾਲ ਇਸ ਤਰ੍ਹਾਂ ਬੀਤ ਗਏ ਪਰ ਬਾਅਦ 'ਚ ਉਸ ਨੇ ਖੁਦ ਨੂੰ ਫਿੱਟ ਰੱਖਣ ਲਈ ਪਾਵਰਲਿਫਟਿੰਗ ਸ਼ੁਰੂ ਕਰ ਦਿੱਤੀ। ਇਸ ਖੇਡ ਨੇ ਉਸ ਨੂੰ ਹਿੰਮਤ ਦਿੱਤੀ ਅਤੇ ਹੌਲੀ-ਹੌਲੀ ਇਹ ਖੇਡ ਉਸ ਲਈ ਨਵੀਂ ਜ਼ਿੰਦਗੀ ਬਣ ਗਈ।


ਲਗਾਤਾਰ ਸੱਤ ਸਾਲ ਰਾਸ਼ਟਰੀ ਚੈਂਪੀਅਨ
ਸੁਧੀਰ ਨੇ 18 ਸਾਲ ਦੀ ਉਮਰ ਵਿੱਚ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ। ਅਤੇ ਸਿਰਫ਼ ਤਿੰਨ ਸਾਲਾਂ ਦੀ ਸਖ਼ਤ ਮਿਹਨਤ ਵਿੱਚ ਉਹ ਇਸ ਈਵੈਂਟ ਵਿੱਚ ਨੈਸ਼ਨਲ ਚੈਂਪੀਅਨ ਬਣ ਗਿਆ। ਸਾਲ 2016 'ਚ ਉਸ ਨੇ ਰਾਸ਼ਟਰੀ ਪੱਧਰ 'ਤੇ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਸੁਧੀਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਇਕ ਤੋਂ ਬਾਅਦ ਇਕ ਵੱਡੇ ਟੂਰਨਾਮੈਂਟਾਂ ਵਿਚ ਆਪਣਾ ਨਾਂ ਦਰਜ ਕਰਵਾਉਂਦੇ ਰਹੇ। ਸੁਧੀਰ ਪਿਛਲੇ ਸੱਤ ਸਾਲਾਂ ਤੋਂ ਨੈਸ਼ਨਲਜ਼ ਵਿੱਚ ਪਾਵਰਲਿਫਟਿੰਗ ਵਿੱਚ ਸੋਨ ਤਮਗਾ ਜਿੱਤ ਰਿਹਾ ਹੈ।


'ਸਟਰਾਂਗ ਮੈਨ ਆਫ ਇੰਡੀਆ' ਦਾ ਖਿਤਾਬ ਵੀ ਹਾਸਲ ਕੀਤਾ 
ਹਰਿਆਣਾ ਦੇ ਸੋਨੀਪਤ 'ਚ ਇਕ ਕਿਸਾਨ ਪਰਿਵਾਰ 'ਚ ਜਨਮੇ ਸੁਧੀਰ ਨੇ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ 'ਤੇ ਤਗਮੇ ਜਿੱਤੇ ਹਨ। ਉਸਨੇ 2019 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਸਾਲ 2021 'ਚ ਉਸ ਨੇ ਦੱਖਣੀ ਕੋਰੀਆ 'ਚ ਏਸ਼ੀਆ-ਓਸ਼ੇਨੀਆ ਓਪਨ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਸੁਧੀਰ ਦੋ ਵਾਰ 'ਸਟਰਾਂਗ ਮੈਨ ਆਫ ਇੰਡੀਆ' ਦਾ ਖਿਤਾਬ ਵੀ ਜਿੱਤ ਚੁੱਕੇ ਹਨ।