CWG 2022: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੇ ਲਵਪ੍ਰੀਤ ਸਿੰਘ ਨੇ ਕਮਾਲ ਕਰ ਦਿੱਤਾ ਹੈ। ਪੁਰਸ਼ਾਂ ਦੇ ਵੇਟਲਿਫਟਿੰਗ ਦੇ 109 ਕਿਲੋ ਵਰਗ ਵਿੱਚ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਲਵਪ੍ਰੀਤ ਸਿੰਘ ਨੇ ਕੁੱਲ 355 ਕਿਲੋ ਭਾਰ ਚੁੱਕਿਆ। ਇਹ ਸ਼੍ਰੇਣੀ ਭਾਰਤ ਲਈ ਇੱਕ ਨਵਾਂ ਰਾਸ਼ਟਰੀ ਰਿਕਾਰਡ ਵੀ ਹੈ। ਰਾਸ਼ਟਰਮੰਡਲ ਖੇਡਾਂ 2022 ਵਿੱਚ ਵੇਟਲਿਫਟਿੰਗ ਵਿੱਚ ਭਾਰਤ ਦਾ ਇਹ 9ਵਾਂ ਤਮਗਾ ਹੈ।
ਲਵਪ੍ਰੀਤ ਸਿੰਘ ਨੇ ਸਨੈਚ ਦੀ ਤੀਜੀ ਕੋਸ਼ਿਸ਼ ਵਿੱਚ 163 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ ਤੀਜੀ ਕੋਸ਼ਿਸ਼ ਵਿੱਚ 192 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤਰ੍ਹਾਂ ਕੁਲ 355 ਕਿਲੋਗ੍ਰਾਮ ਭਾਰ ਚੁੱਕ ਕੇ ਉਹ ਤੀਜੇ ਸਥਾਨ 'ਤੇ ਰਹੇ।ਲਵਪ੍ਰੀਤ ਇਕ ਵਾਰ ਗੋਲਡ ਮੈਡਲ ਦੀ ਪੁਜ਼ੀਸ਼ਨ 'ਤੇ ਸੀ ਪਰ ਅਖੀਰ 'ਚ ਉਹ ਪਿੱਛੇ ਰਹਿ ਗਏ। ਇਸ ਈਵੈਂਟ ਦਾ ਸੋਨਾ ਜੂਨੀਅਰ ਗਾਡਜਾ (361 ਕਿਲੋ) ਅਤੇ ਜੈਕ ਓਪਾਲੋਗੇ (358) ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ।
ਲਵਪ੍ਰੀਤ ਭਾਵੇਂ ਹੀ ਇਸ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਏ ਹੋਣ ਪਰ ਉਹਨਾਂ ਨੇ ਇੱਥੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਲਵਪ੍ਰੀਤ ਨੇ ਸਨੈਚ ਅਤੇ ਕਲੀਨ ਐਂਡ ਜਰਕ ਦੋਵਾਂ ਵਿੱਚ ਰਾਸ਼ਟਰੀ ਰਿਕਾਰਡ ਵੀ ਬਣਾਏ।
ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਭਾਰਤ ਦਾ ਇਹ ਪਹਿਲਾ ਤਮਗਾ ਹੈ। ਹੁਣ ਤੱਕ ਭਾਰਤੀ ਟੀਮ ਨੇ 5 ਸੋਨ, 5 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਇਸ ਸਮੇਂ ਤਗ਼ਮਾ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ। ਇੱਥੇ ਆਸਟ੍ਰੇਲੀਆ ਸਿਖਰ 'ਤੇ ਕਾਬਜ਼ ਹੈ। ਆਸਟ੍ਰੇਲੀਆ ਦੇ ਐਥਲੀਟਾਂ ਨੇ 40+ ਸੋਨ ਤਗਮਿਆਂ ਨਾਲ ਹੁਣ ਤੱਕ 100 ਤੋਂ ਵੱਧ ਤਗਮੇ ਜਿੱਤੇ ਹਨ।