ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ 'ਚ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਉੱਤੇ ਘਰੇਲੂ ਕ੍ਰਿਕਟ ਦੇ ਮੁਕਾਬਲੇ ਆਈਪੀਐਲ ਨੂੰ ਤਰਜ਼ੀਹ ਦੇਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਹਾਲਾਂਕਿ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਆਈਪੀਐਲ ਦੇ ਬਚਾਅ ਲਈ ਅੱਗੇ ਆਏ ਹਨ। ਜੈ ਸ਼ਾਹ ਦਾ ਕਹਿਣਾ ਹੈ ਕਿ ਆਈਪੀਐਲ ਅਤੇ ਘਰੇਲੂ ਮੈਚਾਂ 'ਚ ਬਹੁਤ ਵੱਡਾ ਅੰਤਰ ਹੈ ਤੇ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।

ਜੈ ਸ਼ਾਹ ਨੇ ਆਈਪੀਐਲ ਅਤੇ ਘਰੇਲੂ ਕ੍ਰਿਕਟ ਬਾਰੇ ਬਹਿਸ ਨੂੰ ਬੇਲੋੜਾ ਕਰਾਰ ਦਿੱਤਾ ਹੈ। ਜੈ ਸ਼ਾਹ ਦਾ ਕਹਿਣਾ ਹੈ ਕਿ ਆਈਪੀਐਲ 'ਚ ਸਿਰਫ 60 ਮੈਚ ਖੇਡੇ ਜਾਂਦੇ ਹਨ, ਜਦਕਿ ਘਰੇਲੂ ਕ੍ਰਿਕਟ 'ਚ 2000 ਮੈਚ ਕਰਵਾਏ ਜਾਂਦੇ ਹਨ। ਦੋਵਾਂ ਬਾਰੇ ਬਹਿਸ ਕਰਨ ਦਾ ਕੋਈ ਮਤਲਬ ਨਹੀਂ।

ਘਰੇਲੂ ਕ੍ਰਿਕਟ 'ਚ ਬਾਇਓ ਬੱਬਲ ਬਣਾਉਣ ਦੀ ਸਮੱਸਿਆ ਕਾਰਨ ਪਿਛਲੇ ਸਾਲ ਮਾਰਚ ਤੋਂ ਰਣਜੀ ਟਰਾਫੀ ਦਾ ਆਯੋਜਨ ਨਹੀਂ ਕੀਤਾ ਗਿਆ ਹੈ। ਬਹੁਤੇ ਲੋਕ ਕਹਿੰਦੇ ਹਨ ਕਿ ਬੀਸੀਸੀਆਈ ਦਾ ਧਿਆਨ ਸਿਰਫ਼ ਕਮਾਈ ਕਰਨ ਵਾਲੇ ਟੂਰਨਾਮੈਂਟ ਆਈਪੀਐਲ ਉੱਤੇ ਹੈ।

ਜੈ ਸ਼ਾਹ ਨੇ ਇਸ ਫ਼ੈਸਲੇ ਦਾ ਬਚਾਅ ਕੀਤਾ
ਇਨ੍ਹਾਂ ਦੋਸ਼ਾਂ 'ਤੇ ਜੈ ਸ਼ਾਹ ਨੇ ਕਿਹਾ, "ਅਸੀਂ ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ, ਵਿਜੇ ਹਜ਼ਾਰੇ ਟੂਰਨਾਮੈਂਟ ਅਤੇ ਸੀਨੀਅਰ ਮਹਿਲਾ ਵਨ ਡੇਅ ਟੂਰਨਾਮੈਂਟ 2020 'ਚ ਮਹਾਂਮਾਰੀ ਦੇ ਮੱਧ ਵਿਚ ਵੀ ਸਾਵਧਾਨੀਆਂ ਨਾਲ ਕਰਵਾਇਆ ਹੈ।"

ਘਰੇਲੂ ਕ੍ਰਿਕਟ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਬੀਸੀਸੀਆਈ ਅੰਡਰ-16 ਅਤੇ ਅੰਡਰ-19 ਟੂਰਨਾਮੈਂਟਾਂ ਦਾ ਆਯੋਜਨ ਨਹੀਂ ਕਰ ਰਹੀ ਹੈ। ਜੈ ਸ਼ਾਹ ਨੇ ਇਸ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ, "ਤੁਹਾਨੂੰ ਪੂਰੇ ਘਰੇਲੂ ਸੀਜ਼ਨ 'ਚ ਯਾਤਰਾ ਤੇ ਇਸ 'ਚ ਲੱਗਣ ਵਾਲੇ ਸਮੇਂ ਨੂੰ ਧਿਆਨ 'ਚ ਰੱਖਣਾ ਹੋਵੇਗਾ। ਅਜਿਹੀਆਂ ਸਥਿਤੀਆਂ 'ਚ ਉਹ ਆਪਣੀ ਜਾਨ ਨੂੰ ਜੋਖਮ 'ਚ ਪਾਉਂਦੇ, ਜੋ ਕਦੇ ਨਹੀਂ ਹੋਣਾ ਚਾਹੀਦਾ। ਅਜਿਹੇ ਵਾਤਾਵਰਣ 'ਚ ਉਮਰ ਕੈਟਾਗਰੀ ਟੂਰਨਾਮੈਂਟਾਂ ਦਾ ਆਯੋਜਨ ਕਰਨਾ ਤੇ ਨੌਜਵਾਨ ਕ੍ਰਿਕਟਰਾਂ ਦੇ ਕਰੀਅਰ ਨੂੰ ਜ਼ੋਖ਼ਮ 'ਚ ਪਾਉਣਾ ਸਹੀ ਨਹੀਂ ਹੈ।"

ਜੈ ਸ਼ਾਹ ਇਸ ਸਮੇਂ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਅਤੇ ਆਈਪੀਐਲ-14 ਦੇ ਦੂਜੇ ਹਿੱਸੇ ਦੀ ਸਮੀਖਿਆ ਕਰਨ ਲਈ ਯੂਏਈ ਦੇ ਦੌਰੇ 'ਤੇ ਹਨ। ਆਈਪੀਐਲ-14 ਦਾ ਦੂਜਾ ਹਿੱਸਾ ਸਤੰਬਰ ਦੇ ਤੀਜੇ ਹਫ਼ਤੇ ਸ਼ੁਰੂ ਹੋਣ ਜਾ ਰਿਹਾ ਹੈ।