T-20 World Cup 2024: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਐਤਵਾਰ ਨੂੰ ਟੀ-20 ਵਿਸ਼ਵ ਕੱਪ 'ਚ ਭਾਰਤ ਦੀ ਇਤਿਹਾਸਕ ਖਿਤਾਬੀ ਜਿੱਤ ਦੀ ਤਾਰੀਫ ਕੀਤੀ ਅਤੇ ਟੀਮ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਭਾਰਤ ਨੇ ਬਾਰਬਾਡੋਸ ਦੇ ਬ੍ਰਿਜਟਾਊਨ ਵਿੱਚ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਆਪਣਾ ਦੂਜਾ ਟੀ-20 ਵਿਸ਼ਵ ਖਿਤਾਬ ਜਿੱਤ ਲਿਆ ਹੈ।


ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, “ਰੋਹਿਤ ਸ਼ਰਮਾ ਦੀ ਬੇਮਿਸਾਲ ਅਗਵਾਈ ਵਿੱਚ, ਇਸ ਟੀਮ ਨੇ ਸ਼ਾਨਦਾਰ ਦ੍ਰਿੜ ਸੰਕਲਪ ਅਤੇ ਲਚਕੀਲਾਪਣ ਦਿਖਾਇਆ ਹੈ, ਜਿਸ ਕਾਰਨ ਇਹ  ਆਈਸੀਸੀ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇੱਕ ਵੀ ਮੈਚ ਗੁਆਏ ਬਿਨਾਂ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ। '' ਉਨ੍ਹਾਂ ਕਿਹਾ ਕਿ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ।



ਭਾਰਤ ਦੀ ਖਿਤਾਬੀ ਮੁਹਿੰਮ ਨੂੰ ਪ੍ਰੇਰਨਾਦਾਇਕ ਦੱਸਦੇ ਹੋਏ ਸ਼ਾਹ ਨੇ ਕਿਹਾ, ''ਖਿਡਾਰੀਆਂ ਨੇ ਆਲੋਚਕਾਂ ਦਾ ਸਾਹਮਣਾ ਕੀਤਾ ਅਤੇ ਵਾਰ-ਵਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਚੁੱਪ ਕਰਵਾਇਆ। ਖਿਡਾਰੀਆਂ ਦਾ ਸਫ਼ਰ ਪ੍ਰੇਰਨਾਦਾਇਕ ਰਿਹਾ ਹੈ ਅਤੇ ਅੱਜ ਉਹ ਮਹਾਨ ਖਿਡਾਰੀਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਹਨ।''


ਸ਼ਾਹ ਨੇ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਟੀਮ ਲਈ 125 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਸ਼ਾਹ ਨੇ 'ਐਕਸ' 'ਤੇ ਲਿਖਿਆ, ''ਮੈਂ ਟੀਮ ਇੰਡੀਆ ਲਈ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਜਿੱਤਣ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਖੁਸ਼ ਹਾਂ।''


ਉਨ੍ਹਾਂ ਨੇ ਟੀਮ ਦੀ ਸਖ਼ਤ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ, “ਇਸ ਟੀਮ ਨੇ ਆਪਣੀ ਲਗਨ, ਮਿਹਨਤ ਅਤੇ ਅਦੁੱਤੀ ਭਾਵਨਾ ਨਾਲ ਸਾਰਿਆਂ ਨੂੰ ਮਾਣ ਦਿਵਾਇਆ ਹੈ। ਰੋਹਿਤ ਸ਼ਰਮਾ ਦੀ ਅਗਵਾਈ 'ਚ ਅਤੇ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਹੋਰ ਖਿਡਾਰੀਆਂ ਦੀ ਮਦਦ ਨਾਲ 1.4 ਅਰਬ ਭਾਰਤੀਆਂ ਦੇ ਸੁਪਨਿਆਂ ਅਤੇ ਉਮੀਦਾਂ ਨੂੰ ਪੂਰਾ ਕੀਤਾ ਹੈ।


ਇਸ ਤੋਂ ਪਹਿਲਾਂ, ਟੀ-20 ਵਿਸ਼ਵ ਕੱਪ 2024 ਦੀ ਟਰਾਫੀ ਜਿੱਤਣ ਤੋਂ ਬਾਅਦ, ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ।


ਇਸ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵੀ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਹਨ। ਅਟੁੱਟ ਸਮਰਥਨ ਲਈ ਧੰਨਵਾਦ ਕਰਦੇ ਹੋਏ ਰਵਿੰਦਰ ਜਡੇਜਾ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, "ਪੂਰੇ ਦਿਲ ਨਾਲ ਧੰਨਵਾਦ ਕਰਦੇ ਹੋਏ , ਮੈਂ ਟੀ-20 ਅੰਤਰਰਾਸ਼ਟਰੀ ਮੈਚਾਂ ਨੂੰ ਅਲਵਿਦਾ ਕਹਿੰਦਾ ਹਾਂ।ਗਰਵ ਨਾਲ ਦੌੜਣ ਵਾਲੇ ਇੱਕ ਅਡੋਲ ਘੋੜੇ ਵਾਂਗ, ਮੈਂ ਹਮੇਸ਼ਾ ਆਪਣੇ ਦੇਸ਼ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਅਤੇ ਹੋਰ ਫਾਰਮੈਟਾਂ ਵਿੱਚ ਵੀ ਅਜਿਹਾ ਕਰਨਾ ਜਾਰੀ ਰੱਖਾਂਗਾ।ਟੀ-20 ਵਿਸ਼ਵ ਕੱਪ ਜਿੱਤਣਾ ਇਕ ਸੁਪਨਾ ਸੱਚ ਹੋਣ ਵਰਗਾ ਸੀ, ਜੋ ਮੇਰੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਸਿਖਰ ਸੀ। ਯਾਦਾਂ, ਉਤਸ਼ਾਹ ਅਤੇ ਅਟੁੱਟ ਸਮਰਥਨ ਲਈ ਧੰਨਵਾਦ। ਜੈ ਹਿੰਦ।"