T20WC 2024 Final IND vs SA Kohli & Arshdeep Dance: ਭਾਰਤ ਨੇ T20 ਵਿਸ਼ਵ ਕੱਪ 2024 ਦੀ ਟਰਾਫੀ ਜਿੱਤ ਲਈ ਹੈ। ਇਸ ਜਿੱਤ ਤੋਂ ਬਾਅਦ ਭਾਰਤ ਦੇ ਕੋਲ ਹੁਣ ਦੋ ਟੀ-20 ਵਿਸ਼ਵ ਕੱਪ ਖਿਤਾਬ ਹੋ ਗਏ ਹਨ। ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ, ਇਸ ਜਿੱਤ ਤੋਂ ਬਾਅਦ ਹਰ ਭਾਰਤੀ ਜਸ਼ਨ ਨਾਲ ਭਰਿਆ ਹੋਇਆ ਹੈ।
ਅਜਿਹਾ ਹੀ ਕੁਝ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਸਟੇਡੀਅਮ 'ਚ ਦੇਖਣ ਨੂੰ ਮਿਲਿਆ। ਜਿੱਥੇ ਫਾਈਨਲ ਜਿੱਤਣ ਤੋਂ ਬਾਅਦ ਅਰਸ਼ਦੀਪ ਸਿੰਘ ਅਤੇ ਵਿਰਾਟ ਕੋਹਲੀ ਮੈਦਾਨ ਦੇ ਵਿਚਕਾਰ ਭੰਗੜਾ ਪਾਉਂਦੇ ਨਜ਼ਰ ਆਏ।
ਗਲੇ ਵਿੱਚ ਮੈਡਲ ਪਾ ਕੇ ਅਰਸ਼ਦੀਪ ਸਿੰਘ ਤੇ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਜਿੱਤ ਦਾ ਜਸ਼ਨ ਬਹੁਤ ਹੀ ਵੱਖਰੇ ਤਰੀਕੇ ਨਾਲ ਮਨਾਇਆ, ਜਿਸ 'ਚ ਦੋਵੇਂ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਸਟੇਡੀਅਮ 'ਚ ਭੰਗੜਾ ਪਾਉਂਦੇ ਨਜ਼ਰ ਆਏ। ਉਸ ਸਮੇਂ ਅਰਸ਼ਦੀਪ ਅਤੇ ਕੋਹਲੀ ਦਲੇਰ ਮਹਿੰਦੀ ਦੇ ਗੀਤ 'ਤੇ ਭੰਗੜਾ ਪਾ ਰਹੇ ਸਨ। ਅਕਸ਼ਰ ਪਟੇਲ, ਮੁਹੰਮਦ ਸਿਰਾਜ, ਰਿੰਕੂ ਸਿੰਘ ਅਤੇ ਖਲੀਲ ਅਹਿਮਦ ਵੀ ਇੱਕ-ਦੂਜੇ ਨਾਲ ਕਦਮ ਮਿਲਾ ਕੇ ਭੰਗੜਾ ਪਾਉਂਦੇ ਨਜ਼ਰ ਆਏ।
ਟੀ-20 ਵਿਸ਼ਵ ਕੱਪ 2024 ਵਿੱਚ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਟੂਰਨਾਮੈਂਟ ਦੇ ਪਹਿਲੇ ਮੈਚ ਤੋਂ ਹੀ ਉਸ ਦੀ ਤਾਰੀਫ ਹੋ ਰਹੀ ਸੀ। ਜਦੋਂ ਵੀ ਕਪਤਾਨ ਰੋਹਿਤ ਸ਼ਰਮਾ ਨੂੰ ਵਿਕਟ ਦੀ ਜ਼ਰੂਰਤ ਹੁੰਦੀ ਸੀ ਤਾਂ ਅਰਸ਼ਦੀਪ ਉਸ ਲਈ ਵਿਕਟ ਲੈ ਲੈਂਦੇ ਸਨ। ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ 2024 ਵਿੱਚ 8 ਮੈਚ ਖੇਡੇ ਹਨ। ਇਨ੍ਹਾਂ 8 ਮੈਚਾਂ 'ਚ ਉਸ ਨੇ 7.16 ਦੀ ਇਕਾਨਮੀ ਨਾਲ 17 ਵਿਕਟਾਂ ਲਈਆਂ। ਇਸ ਸੀਜ਼ਨ ਦੇ ਟੂਰਨਾਮੈਂਟ ਵਿੱਚ ਉਸ ਦੀ ਸਰਵੋਤਮ ਗੇਂਦਬਾਜ਼ੀ ਦਾ ਅੰਕੜਾ 9 ਦੌੜਾਂ ਦੇ ਕੇ 4 ਵਿਕਟਾਂ ਹਨ।
ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ 'ਚ ਵਿਰਾਟ ਕੋਹਲੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਿਆ। ਸੈਮੀਫਾਈਨਲ ਮੈਚ ਤੱਕ ਉਸ ਦੇ ਬੱਲੇ ਤੋਂ ਕੋਈ ਵੱਡੀ ਪਾਰੀ ਦੇਖਣ ਨੂੰ ਨਹੀਂ ਮਿਲੀ ਪਰ ਪ੍ਰਸ਼ੰਸਕਾਂ ਅਤੇ ਅਨੁਭਵੀ ਖਿਡਾਰੀਆਂ ਦਾ ਮੰਨਣਾ ਸੀ ਕਿ ਕੋਹਲੀ ਫਾਈਨਲ ਵਿੱਚ ਆਪਣੇ ਬੱਲੇ ਨਾਲ ਧਮਾਕੇਦਾਰ ਪ੍ਰਦਰਸ਼ਨ ਕਰਨਗੇ। ਅਜਿਹਾ ਹੀ ਹੋਇਆ ਹੈ। ਟੀ-20 ਵਿਸ਼ਵ ਕੱਪ 2024 ਵਿੱਚ, ਵਿਰਾਟ ਕੋਹਲੀ ਨੇ 8 ਮੈਚਾਂ ਵਿੱਚ 112.68 ਦੀ ਸਟ੍ਰਾਈਕ ਰੇਟ ਨਾਲ 151 ਦੌੜਾਂ ਬਣਾਈਆਂ। ਜਿਸ 'ਚ ਫਾਈਨਲ ਮੈਚ 'ਚ ਉਸ ਨੇ 59 ਗੇਂਦਾਂ 'ਤੇ 128.81 ਦੀ ਸਟ੍ਰਾਈਕ ਰੇਟ ਨਾਲ 76 ਦੌੜਾਂ ਬਣਾਈਆਂ।