Sports News: ਭਾਰਤੀ ਟੀਮ ਨੂੰ ਆਸਟ੍ਰੇਲੀਆ ਵਿਰੁੱਧ ਪੰਜ ਮੈਚਾਂ ਦੀ ਟੈਸਟ ਲੜੀ ਵਿੱਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਭਾਰਤੀ ਟੀਮ 10 ਸਾਲਾਂ ਬਾਅਦ ਬਾਰਡਰ-ਗਾਵਸਕਰ ਟਰਾਫੀ (BGT) ਗੁਆ ਬੈਠੀ। ਇਸ ਤੋਂ ਇਲਾਵਾ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਮੌਜੂਦਾ ਚੱਕਰ ਦੇ ਫਾਈਨਲ ਵਿੱਚ ਨਹੀਂ ਪਹੁੰਚ ਸਕੀ। ਆਸਟ੍ਰੇਲੀਆ ਦੌਰੇ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 11 ਜਨਵਰੀ (ਐਤਵਾਰ) ਨੂੰ ਮੁੰਬਈ ਵਿੱਚ ਇੱਕ ਸਮੀਖਿਆ ਮੀਟਿੰਗ ਬੁਲਾਈ।


ਇਸ ਮੁਲਾਕਾਤ ਦਾ ਮਕਸਦ ਇਹ ਸਮਝਣਾ ਸੀ ਕਿ ਆਸਟ੍ਰੇਲੀਆ ਦੌਰੇ 'ਤੇ ਟੀਮ ਇੰਡੀਆ ਨਾਲ ਕੀ ਗ਼ਲਤ ਹੋਇਆ। ਕਪਤਾਨ ਰੋਹਿਤ ਸ਼ਰਮਾ (Rohit Sharma), ਮੁੱਖ ਕੋਚ ਗੌਤਮ ਗੰਭੀਰ, BCCI ਪ੍ਰਧਾਨ ਰੋਜਰ ਬਿੰਨੀ, ਸਕੱਤਰ ਦੇਵਜੀਤ ਸੈਕੀਆ ਤੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਏ। ਇਹ ਮੁਲਾਕਾਤ ਲਗਭਗ 2 ਘੰਟੇ ਚੱਲੀ। ਇਸ ਦੌਰਾਨ, ਮੈਨੇਜਮੈਂਟ ਨੇ ਨਿਊਜ਼ੀਲੈਂਡ ਵਿਰੁੱਧ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਵੀ ਸਮੀਖਿਆ ਕੀਤੀ, ਜਿੱਥੇ ਰੋਹਿਤ ਬ੍ਰਿਗੇਡ ਨੂੰ ਘਰੇਲੂ ਮੈਦਾਨ 'ਤੇ ਟੈਸਟ ਲੜੀ ਵਿੱਚ 0-3 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।



ਸੂਤਰਾਂ ਅਨੁਸਾਰ, ਇਸ ਮੀਟਿੰਗ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਪ੍ਰਦਰਸ਼ਨ 'ਤੇ ਚਰਚਾ ਕੀਤੀ ਗਈ। ਇਹ ਸਮਝਿਆ ਜਾਂਦਾ ਹੈ ਕਿ ਦੋਵਾਂ ਖਿਡਾਰੀਆਂ ਨੂੰ ਮੈਦਾਨ 'ਤੇ ਵਧੀਆ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ 'ਤੇ ਵੀ ਚਰਚਾ ਹੋਈ। 


ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਇੱਕ ਸੂਤਰ ਨੇ ਦੱਸਿਆ, ਹੁਣ ਕੁਝ ਨਹੀਂ ਹੋਣ ਵਾਲਾ ਹੈ, ਪਰ ਪ੍ਰਬੰਧਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਕਪਤਾਨੀ ਬਾਰੇ ਫੈਸਲਾ ਲੈ ਸਕਦਾ ਹੈ। ਜੇ ਹਾਲਾਤ ਨਹੀਂ ਬਦਲਦੇ ਤਾਂ ਕਪਤਾਨੀ ਸਬੰਧੀ ਕੁਝ ਕਾਰਵਾਈ ਕੀਤੀ ਜਾ ਸਕਦੀ ਹੈ।



ਸੂਤਰ ਨੇ ਅੱਗੇ ਕਿਹਾ, 'ਜਿੱਥੋਂ ਤੱਕ ਵਿਰਾਟ ਕੋਹਲੀ ਦਾ ਸਵਾਲ ਹੈ, ਉਸਨੂੰ ਵੀ ਕੁਝ ਦੌੜਾਂ ਬਣਾਉਣ ਦੀ ਜ਼ਰੂਰਤ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਦੋਵੇਂ ਟੈਸਟ ਤੋਂ ਬਾਹਰ ਹੋਣਗੇ। ਸਭ ਕੁਝ ਚੈਂਪੀਅਨਜ਼ ਟਰਾਫੀ ਵਿੱਚ ਪ੍ਰਦਰਸ਼ਨ 'ਤੇ ਨਿਰਭਰ ਕਰਦਾ ਹੈ। ਟੀਮ ਪ੍ਰਬੰਧਨ ਇਸ ਗੱਲ ਤੋਂ ਖੁਸ਼ ਨਹੀਂ ਹੈ ਕਿ ਖਿਡਾਰੀ ਦੁਵੱਲੀ ਲੜੀ ਤੇ ਘਰੇਲੂ ਟੂਰਨਾਮੈਂਟਾਂ ਤੋਂ ਦੂਰ ਰਹਿੰਦੇ ਹਨ। ਸੂਤਰ ਨੇ ਕਿਹਾ ਕਿ ਅਜਿਹੇ ਖਿਡਾਰੀਆਂ ਦੀ ਚੋਣ ਨਹੀਂ ਕੀਤੀ ਜਾਵੇਗੀ। ਖਿਡਾਰੀਆਂ ਨੂੰ ਘਰੇਲੂ ਮੈਚਾਂ ਵਿੱਚ ਹਿੱਸਾ ਲੈਣਾ ਪਵੇਗਾ। ਖਿਡਾਰੀਆਂ ਅਤੇ ਚੋਣਕਾਰਾਂ ਨੂੰ ਵੀ ਇਸ ਬਾਰੇ ਸਖ਼ਤੀ ਨਾਲ ਸੂਚਿਤ ਕਰ ਦਿੱਤਾ ਗਿਆ ਹੈ।