Cheteshwar Pujara In Duleep Trophy 2023: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 12 ਜੁਲਾਈ ਤੋਂ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੈਸਟ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੂੰ ਇਸ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਪੁਜਾਰਾ 28 ਜੂਨ ਤੋਂ ਸ਼ੁਰੂ ਹੋਣ ਵਾਲੀ ਦਲੀਪ ਟਰਾਫੀ 2023 'ਚ ਖੇਡਦੇ ਨਜ਼ਰ ਆਉਣਗੇ।
ਹਾਲ ਹੀ 'ਚ ਆਸਟ੍ਰੇਲੀਆ ਦੇ ਖਿਲਾਫ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਪੁਜਾਰਾ ਨੂੰ ਟੀਮ ਇੰਡੀਆ ਦਾ ਹਿੱਸਾ ਬਣਾਇਆ ਗਿਆ ਸੀ ਪਰ ਉਨ੍ਹਾਂ ਨੇ ਬੱਲੇਬਾਜ਼ੀ ਨਾਲ ਨਿਰਾਸ਼ ਕੀਤਾ। ਮੈਚ ਦੀ ਪਹਿਲੀ ਪਾਰੀ ਵਿੱਚ ਪੁਜਾਰਾ ਨੇ 25 ਗੇਂਦਾਂ ਵਿੱਚ 14 ਅਤੇ ਦੂਜੀ ਪਾਰੀ ਵਿੱਚ 47 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਪੁਜਾਰਾ ਦੇ ਇਸ ਖਰਾਬ ਪ੍ਰਦਰਸ਼ਨ ਦੇ ਮੱਦੇਨਜ਼ਰ ਉਨ੍ਹਾਂ ਨੂੰ ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।
'ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਮੁਤਾਬਕ ਪੁਜਾਰਾ 28 ਜੂਨ ਤੋਂ ਸ਼ੁਰੂ ਹੋਣ ਵਾਲੀ ਦਲੀਪ ਟਰਾਫੀ 'ਚ ਨਾਰਥ ਜ਼ੋਨ ਲਈ ਖੇਡਣਗੇ। ਇੱਕ ਭਰੋਸੇਯੋਗ ਸੂਤਰ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ, "ਚੋਣਕਰਤਾ ਅਤੇ ਕੋਚ (ਰਾਹੁਲ ਦ੍ਰਾਵਿੜ) ਜੈਸਵਾਲ ਅਤੇ ਗਾਇਕਵਾੜ ਵਰਗੇ ਨੌਜਵਾਨਾਂ ਨੂੰ ਅਜ਼ਮਾਉਣਾ ਚਾਹੁੰਦੇ ਸਨ, ਇਸ ਲਈ ਪੁਜਾਰਾ ਨੂੰ ਇਸ ਦੌਰੇ ਲਈ ਨਹੀਂ ਚੁਣਿਆ ਗਿਆ ਹੈ। ਜੇਕਰ ਉਹ ਘਰੇਲੂ ਕ੍ਰਿਕਟ 'ਚ ਦੌੜਾਂ ਬਣਾਉਂਦੇ ਹਨ ਤਾਂ ਉਨ੍ਹਾਂ ਲਈ ਦਰਵਾਜ਼ੇ ਬੰਦ ਨਹੀਂ ਹੁੰਦੇ।''
103 ਟੈਸਟ ਖੇਡ ਚੁੱਕੇ ਪੁਜਾਰਾ
ਤੁਹਾਨੂੰ ਦੱਸ ਦਈਏ ਕਿ ਅਕਤੂਬਰ 2010 ਵਿੱਚ ਆਪਣਾ ਟੈਸਟ ਡੈਬਿਊ ਕਰਨ ਵਾਲੇ ਚੇਤੇਸ਼ਵਰ ਪੁਜਾਰਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਹੁਣ ਤੱਕ 103 ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 176 ਪਾਰੀਆਂ 'ਚ ਬੱਲੇਬਾਜ਼ੀ ਕਰਦਿਆਂ ਉਨ੍ਹਾਂ ਨੇ 43.61 ਦੀ ਔਸਤ ਨਾਲ 7195 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੱਲੇ ਨਾਲ 3 ਦੋਹਰੇ ਸੈਂਕੜੇ ਸਮੇਤ 19 ਸੈਂਕੜੇ ਅਤੇ 35 ਅਰਧ ਸੈਂਕੜੇ ਲਗਾਏ ਹਨ। ਇਸ 'ਚ ਉਨ੍ਹਾਂ ਦਾ ਹਾਈ ਸਕੋਰ 206 ਦੌੜਾਂ ਰਿਹਾ ਹੈ।
ਇਹ ਵੀ ਪੜ੍ਹੋ: World Cup 2023: ਕੀ ਵਿਸ਼ਵ ਕੱਪ ਖੇਡਣ ਭਾਰਤ ਆਵੇਗੀ ਬਾਬਰ ਆਜ਼ਮ ਦੀ ਟੀਮ? ਪਾਕਿ ਵਿਦੇਸ਼ ਮੰਤਰਾਲੇ ਨੇ ਦਿੱਤਾ ਜਵਾਬ