ਰਜਨੀਸ਼ ਕੌਰ ਦੀ ਰਿਪੋਰਟ
Virat Kohli Returns To India: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਟੀ-20 ਵਿਸ਼ਵ ਕੱਪ 'ਚ ਜ਼ਬਰਦਸਤ ਬੋਲਿਆ। ਕੋਹਲੀ ਨੇ ਮੌਜੂਦਾ ਟੀ-20 ਵਿਸ਼ਵ ਕੱਪ 'ਚ 4 ਅਰਧ ਸੈਂਕੜੇ ਲਾਏ ਹਨ। ਇਸ ਬਾਵਜੂਦ ਟੀਮ ਇੰਡੀਆ ਸੈਮੀਫਾਈਨਲ 'ਚ ਹਾਰ ਕੇ ਆਈਸੀਸੀ ਦੇ ਇਸ ਵੱਕਾਰੀ ਟੂਰਨਾਮੈਂਟ ਤੋਂ ਬਾਹਰ ਹੋ ਗਈ। 15 ਸਾਲਾਂ ਤੋਂ ਚੱਲ ਰਿਹਾ ਖਿਤਾਬ ਦਾ ਸੋਕਾ ਟੀਮ ਇੰਡੀਆ ਦਾ ਇੰਤਜ਼ਾਰ ਹੋਰ ਲੰਬਾ ਹੋ ਗਿਆ ਹੈ। ਦੱਸਣਯੋਗ ਹੈ ਕਿ ਇੰਗਲੈਂਡ ਨੇ ਸੈਮੀਫਾਈਨਲ 'ਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ। ਵਿਰਾਟ ਕੋਹਲੀ ਸ਼ਨੀਵਾਰ ਨੂੰ ਆਸਟ੍ਰੇਲੀਆ ਤੋਂ ਖਾਲੀ ਹੱਥ ਵਤਨ ਪਰਤ ਆਏ ਹਨ।
ਸਵੇਰੇ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਵਿਰਾਟ ਕੋਹਲੀ
34 ਸਾਲਾ ਵਿਰਾਟ ਕੋਹਲੀ ਨੂੰ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਹ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾਉਂਦੇ ਨਜ਼ਰ ਆਏ। ਵਿਰਾਟ ਨੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਸੀ। ਕੋਹਲੀ ਨੇ ਸਿਰ 'ਤੇ ਟੋਪੀ ਪਾਈ ਹੋਈ ਸੀ। ਟੀ-ਸ਼ਰਟ ਅਤੇ ਲੋਅਰ ਪਹਿਨ ਕੇ ਸਾਬਕਾ ਕਪਤਾਨ ਆਪਣੀ ਕਾਰ 'ਚ ਫੋਟੋ ਖਿਚਵਾ ਕੇ ਘਰ ਲਈ ਰਵਾਨਾ ਹੋ ਗਏ। ਮੁੰਬਈ ਏਅਰਪੋਰਟ 'ਤੇ ਆਧੁਨਿਕ ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਵਿਰਾਟ ਦੀਆਂ ਕਈ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।
ਫਿਰ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਿਰਾਸ਼ਾ ਕੀਤੀ ਜ਼ਾਹਰ
ਵਿਰਾਟ ਕੋਹਲੀ ਨੇ ਟੀਮ ਇੰਡੀਆ ਦੇ ਫਾਈਨਲ 'ਚ ਨਾ ਪਹੁੰਚਣ 'ਤੇ ਪਹਿਲਾਂ ਹੀ ਨਿਰਾਸ਼ਾ ਜ਼ਾਹਰ ਕੀਤੀ ਸੀ। ਕੋਹਲੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਅਸੀਂ ਆਪਣੇ ਸੁਪਨੇ ਨੂੰ ਸਾਕਾਰ ਕੀਤੇ ਬਿਨਾਂ ਹੀ ਆਸਟ੍ਰੇਲੀਆ ਛੱਡ ਰਹੇ ਹਾਂ, ਸਾਡੇ ਦਿਲਾਂ 'ਚ ਨਿਰਾਸ਼ਾ ਹੈ, ਪਰ ਇਕ ਸਮੂਹ ਦੇ ਰੂਪ 'ਚ ਅਸੀਂ ਆਪਣੇ ਨਾਲ ਕਈ ਯਾਦਗਾਰ ਪਲ ਲੈ ਰਹੇ ਹਾਂ।'
ਵਿਰਾਟ ਕੋਹਲੀ ਨੇ 6 ਮੈਚਾਂ 'ਚ ਬਣਾਈਆਂ 296 ਦੌੜਾਂ
ਵਿਰਾਟ ਨੇ ਮੌਜੂਦਾ ਟੀ-20 ਵਿਸ਼ਵ ਕੱਪ 'ਚ 6 ਮੈਚਾਂ 'ਚ ਸਭ ਤੋਂ ਵੱਧ 296 ਦੌੜਾਂ ਬਣਾਈਆਂ। ਉਸ ਨੇ ਇਸ ਦੌਰਾਨ 4 ਅਰਧ ਸੈਂਕੜੇ ਲਗਾਏ। ਕੋਹਲੀ ਨੇ 136 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ ਨਾਬਾਦ 82 ਦੌੜਾਂ ਰਿਹਾ। ਵਿਸ਼ਵ ਕੱਪ ਵਿੱਚ ਕੋਹਲੀ ਦੀ ਬੱਲੇਬਾਜ਼ੀ ਔਸਤ 98.66 ਰਹੀ। ਵਿਰਾਟ 6 ਪਾਰੀਆਂ 'ਚ 3 ਵਾਰ ਅਜੇਤੂ ਰਹੇ।