David Warner Bat Break BBL 2024-25: ਇਨ੍ਹੀਂ ਦਿਨੀਂ ਆਸਟ੍ਰੇਲੀਆ ਵਿੱਚ ਖੇਡੀ ਜਾ ਰਹੀ ਬਿਗ ਬੈਸ਼ ਲੀਗ (BBL 2024-25) ਵਿੱਚ ਡੇਵਿਡ ਵਾਰਨਰ ਨਾਲ ਇੱਕ ਅਜੀਬ ਹਾਦਸਾ ਵਾਪਰਿਆ। ਪਹਿਲਾਂ ਵਾਰਨਰ ਦਾ ਬੱਲਾ ਟੁੱਟ ਗਿਆ ਅਤੇ ਫਿਰ ਉਹੀ ਬੱਲਾ ਉਸਦੇ ਸਿਰ 'ਤੇ ਲੱਗਿਆ।
ਇਹ ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਬੀਬੀਐਲ ਵਿੱਚ ਸਿਡਨੀ ਥੰਡਰ ਦੀ ਕਪਤਾਨੀ ਕਰ ਰਿਹਾ ਹੈ। ਟੂਰਨਾਮੈਂਟ ਵਿੱਚ ਹੋਬਾਰਟ ਹਰੀਕੇਨਜ਼ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਸਿਡਨੀ ਥੰਡਰ ਦੇ ਕਪਤਾਨ ਦਾ ਬੱਲਾ ਦੋ ਟੁਕੜਿਆਂ ਵਿੱਚ ਟੁੱਟ ਗਿਆ, ਜਿਸਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਟੂਰਨਾਮੈਂਟ ਦਾ 29ਵਾਂ ਮੈਚ ਹੋਬਾਰਟ ਹਰੀਕੇਨਜ਼ ਅਤੇ ਸਿਡਨੀ ਥੰਡਰ ਵਿਚਕਾਰ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਸਿਡਨੀ ਥੰਡਰ ਦੇ ਕਪਤਾਨ ਡੇਵਿਡ ਵਾਰਨਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 66 ਗੇਂਦਾਂ ਵਿੱਚ 7 ਚੌਕਿਆਂ ਦੀ ਮਦਦ ਨਾਲ 88 ਦੌੜਾਂ ਬਣਾਈਆਂ। ਇਸ ਦੌਰਾਨ ਉਸਦਾ ਬੱਲਾ ਟੁੱਟ ਗਿਆ।
ਵਾਰਨਰ ਦੇ ਬੱਲੇ ਟੁੱਟਣ ਦਾ ਵੀਡੀਓ ਬਿਗ ਬੈਸ਼ ਲੀਗ ਦੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਸੀ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਾਟ ਖੇਡਦੇ ਸਮੇਂ ਜਿਵੇਂ ਹੀ ਗੇਂਦ ਵਾਰਨਰ ਦੇ ਬੱਲੇ ਨਾਲ ਲੱਗਦੀ ਹੈ, ਉਸਦਾ ਬੱਲਾ ਟੁੱਟ ਜਾਂਦਾ ਹੈ ਤੇ ਟੁੱਟਿਆ ਹੋਇਆ ਬੱਲਾ ਉਸਦੇ ਸਿਰ ਵਿੱਚ ਜਾ ਵੱਜਦਾ ਹੈ। ਇਹ ਦੇਖ ਕੇ ਟਿੱਪਣੀਕਾਰ ਵੀ ਹੱਸਣ ਲੱਗ ਪੈਂਦੇ ਹਨ। ਵਾਰਨਰ ਆਪਣਾ ਟੁੱਟਿਆ ਬੱਲਾ ਦੇਖ ਕੇ ਇੱਕ ਦਿਲਚਸਪ ਪ੍ਰਤੀਕਿਰਿਆ ਦਿੰਦਾ ਹੈ। ਵੀਡੀਓ ਇੱਥੇ ਦੇਖੋ...
ਮੈਚ ਵਿੱਚ ਹੋਬਾਰਟ ਹਰੀਕੇਨਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਸਿਡਨੀ ਥੰਡਰ ਨੇ 20 ਓਵਰਾਂ ਵਿੱਚ 6 ਵਿਕਟਾਂ 'ਤੇ 164 ਦੌੜਾਂ ਬਣਾਈਆਂ। ਇਸ ਦੌਰਾਨ ਕਪਤਾਨ ਵਾਰਨਰ ਨੇ ਟੀਮ ਲਈ ਸਭ ਤੋਂ ਵੱਡੀ ਪਾਰੀ ਖੇਡੀ ਤੇ 88 ਦੌੜਾਂ ਬਣਾਈਆਂ। ਵਾਰਨਰ ਤੋਂ ਇਲਾਵਾ ਟੀਮ ਦੇ ਸਾਰੇ ਬੱਲੇਬਾਜ਼ ਫਲਾਪ ਦਿਖਾਈ ਦਿੱਤੇ। ਸੈਮ ਬਿਲਿੰਗਸ ਟੀਮ ਲਈ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਬਿਲਿੰਗਸ ਨੇ 15 ਗੇਂਦਾਂ ਵਿੱਚ 4 ਚੌਕਿਆਂ ਦੀ ਮਦਦ ਨਾਲ ਸਿਰਫ਼ 28 ਦੌੜਾਂ ਬਣਾਈਆਂ। ਟੀਮ ਦੇ ਕੁੱਲ ਪੰਜ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਇਸ ਦੌਰਾਨ ਹੋਬਾਰਟ ਹਰੀਕੇਨਜ਼ ਲਈ ਰਾਈਲੀ ਮੇਰੀਡਿਥ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।