FIFA WC 2022 Final : ਭਾਰਤ ਨੇ ਬੰਗਲਾਦੇਸ਼ ਖਿਲਾਫ਼ ਪਹਿਲਾ ਟੈਸਟ ਜਿੱਤ ਲਿਆ ਹੈ ਤੇ ਹੁਣ ਟੀਮ ਆਰਾਮ ਕਰਨ ਜਾ ਰਹੀ ਹੈ। ਟੀਮ ਦੇ ਕਪਤਾਨ ਕੇਐਲ ਰਾਹੁਲ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਅੱਜ ਰਾਤ ਦੀ ਯੋਜਨਾ ਦਾ ਖੁਲਾਸਾ ਕੀਤਾ ਤੇ ਦੱਸਿਆ ਕਿ ਟੀਮ ਦੇ ਖਿਡਾਰੀ ਰਾਤ ਨੂੰ ਕੀ ਕਰਨ ਜਾ ਰਹੇ ਹਨ। ਰਾਹੁਲ ਨੇ ਦੱਸਿਆ ਕਿ ਸਾਰੇ ਖਿਡਾਰੀ ਆਉਣ ਵਾਲੇ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਰਾਤ ਨੂੰ ਦੇਖਣਗੇ ਅਤੇ ਇਸ ਵੱਡੇ ਮੈਚ ਦਾ ਆਨੰਦ ਲੈਣਗੇ। ਰਾਹੁਲ ਨੇ ਇਹ ਵੀ ਦੱਸਿਆ ਹੈ ਕਿ ਟੀਮ ਦੇ ਖਿਡਾਰੀਆਂ ਦੀ ਪਸੰਦੀਦਾ ਟੀਮ ਕਿਹੜੀ ਹੈ।


ਰਾਹੁਲ ਨੇ ਕਿਹਾ, "ਅਸੀਂ ਰਾਤ ਨੂੰ ਵਿਸ਼ਵ ਕੱਪ ਫਾਈਨਲ ਦੇਖਾਂਗੇ ਕਿਉਂਕਿ ਲੰਬੇ ਸਮੇਂ ਬਾਅਦ ਅਸੀਂ ਲਗਾਤਾਰ ਪੰਜ ਦਿਨ ਖੇਡੇ ਹਨ, ਇਸ ਲਈ ਅਸੀਂ ਥੋੜੇ ਥੱਕੇ ਹੋਏ ਹਾਂ। ਸਾਡੀ ਟੀਮ ਦੇ ਜ਼ਿਆਦਾਤਰ ਲੋਕ ਇੰਗਲੈਂਡ ਅਤੇ ਬ੍ਰਾਜ਼ੀਲ ਦਾ ਸਮਰਥਨ ਕਰਨ ਜਾ ਰਹੇ ਹਨ ਅਤੇ ਇਹ ਦੋਵੇਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।'' ਹਾਲਾਂਕਿ ਅਸੀਂ ਫਾਈਨਲ ਮੈਚ ਦੇਖਾਂਗੇ, ਇਕੱਠੇ ਖਾਵਾਂਗੇ ਤੇ ਆਨੰਦ ਮਾਣਾਂਗੇ। ਇਹ ਨਹੀਂ ਕਿਹਾ ਜਾ ਸਕਦਾ ਕਿ ਕੌਣ ਅਰਜਨਟੀਨਾ ਨੂੰ ਸਪੋਰਟ ਕਰੇਗਾ ਅਤੇ ਕੌਣ ਫਰਾਂਸ ਨੂੰ ਸਪੋਰਟ ਕਰੇਗਾ ਪਰ ਇਹ ਮੈਚ ਵੱਡਾ ਹੋਵੇਗਾ।''


ਭਾਰਤ ਨੇ ਇਹ ਮੈਚ 188 ਦੌੜਾਂ ਨਾਲ ਜਿੱਤ 


ਭਾਰਤ ਨੇ ਬੰਗਲਾਦੇਸ਼ ਖਿਲਾਫ਼ ਪਹਿਲਾ ਟੈਸਟ 188 ਦੌੜਾਂ ਦੇ ਫਰਕ ਨਾਲ ਜਿੱਤ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ ਵਿੱਚ ਹੀ 404 ਦੌੜਾਂ ਬਣਾਈਆਂ, ਜਿਸ ਵਿੱਚ ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਵੱਧ 90 ਦੌੜਾਂ ਦਾ ਯੋਗਦਾਨ ਦਿੱਤਾ। ਸ਼੍ਰੇਅਸ ਅਈਅਰ ਨੇ 86 ਅਤੇ ਰਵੀਚੰਦਰਨ ਅਸ਼ਵਿਨ ਨੇ ਵੀ 58 ਦੌੜਾਂ ਬਣਾਈਆਂ। ਜਵਾਬ 'ਚ ਬੰਗਲਾਦੇਸ਼ ਦੀ ਪਹਿਲੀ ਪਾਰੀ ਸਿਰਫ 150 ਦੌੜਾਂ 'ਤੇ ਹੀ ਸਮਾਪਤ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ।


ਭਾਰਤ ਨੇ ਦੂਜੀ ਪਾਰੀ 258/2 ਦੇ ਸਕੋਰ 'ਤੇ ਘੋਸ਼ਿਤ ਕੀਤੀ ਜਿਸ ਵਿੱਚ ਸ਼ੁਭਮਨ ਗਿੱਲ ਅਤੇ ਪੁਜਾਰਾ ਦੇ ਸੈਂਕੜੇ ਸ਼ਾਮਲ ਸਨ। 500 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਨੇ ਦੂਜੀ ਪਾਰੀ 'ਚ ਚੰਗੀ ਟੱਕਰ ਦਿਖਾਈ, ਪਰ ਜਿੱਤ ਦੇ ਨੇੜੇ ਨਹੀਂ ਪਹੁੰਚ ਸਕੀ। ਜ਼ਾਕਿਰ ਹਸਨ ਨੇ ਡੈਬਿਊ ਟੈਸਟ 'ਚ ਸੈਂਕੜਾ ਲਗਾਇਆ ਅਤੇ ਸ਼ਾਕਿਬ ਅਲ ਹਸਨ ਨੇ ਵੀ 84 ਦੌੜਾਂ ਦੀ ਪਾਰੀ ਖੇਡੀ।