ਹਰੇਕ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਦੇਸ਼ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡੇ। ਪਰ ਹਰ ਕਿਸੇ ਦਾ ਇਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ। ਹਜ਼ਾਰਾਂ ਕ੍ਰਿਕਟਰਾਂ ਵਿੱਚੋਂ ਕੁਝ ਹੀ ਅਜਿਹੇ ਹਨ, ਜਿਨ੍ਹਾਂ ਦੇ ਸੁਪਨੇ ਸਾਕਾਰ ਹੁੰਦੇ ਹਨ। ਜਿਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਪਹਿਲੇ ਹੀ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ। ਆਪਣੇ ਪਹਿਲੇ ਮੈਚ ਨੂੰ ਯਾਦਗਾਰ ਬਣਾਉਂਦੇ ਹਨ। ਅਜਿਹਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਨਾ ਸਿਰਫ ਹਮੇਸ਼ਾ ਲਈ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ, ਸਗੋਂ ਟੀਮ 'ਚ ਜਗ੍ਹਾ ਵੀ ਪੱਕੀ ਹੋ ਜਾਵੇ। ਇਸ 'ਚ ਵੀ ਕੋਈ ਵਿਰਲਾ ਹੀ ਕਾਮਯਾਬ ਹੁੰਦਾ ਹੈ ਅਤੇ ਕਾਮਯਾਬੀ ਹਾਸਲ ਕਰਨ ਵਾਲਿਆਂ 'ਚ ਸ਼ਾਇਦ ਹੀ ਕੋਈ ਹੋਰ ਹੋਵੇਗਾ, ਜਿਸ ਨੇ ਲਾਰੈਂਸ ਰੋਵੇ ਵਰਗਾ ਕਮਾਲ ਕੀਤਾ ਹੋਵੇ। ਵੈਸਟਇੰਡੀਜ਼ ਦੇ ਇਸ ਸਾਬਕਾ ਬੱਲੇਬਾਜ਼ ਨੇ ਅੱਜ ਦੇ ਦਿਨ ਆਪਣਾ ਟੈਸਟ ਡੈਬਿਊ ਕੀਤਾ ਅਤੇ ਇਤਿਹਾਸ ਸਿਰਜ ਦਿੱਤਾ ਸੀ।


ਜਮੈਕਾ 'ਚ ਜਨਮੇ ਸਾਬਕਾ ਬੱਲੇਬਾਜ਼ ਲਾਰੈਂਸ ਰੋਵੇ ਨੇ 16 ਫਰਵਰੀ 1972 ਨੂੰ 23 ਸਾਲ ਦੀ ਉਮਰ 'ਚ ਵੈਸਟਇੰਡੀਜ਼ ਲਈ ਆਪਣਾ ਟੈਸਟ ਡੈਬਿਊ ਕੀਤਾ ਸੀ। ਲਾਰੈਂਸ ਨੂੰ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਦੇ ਪਹਿਲੇ ਹੀ ਮੈਚ 'ਚ ਆਪਣੇ ਹੀ ਸ਼ਹਿਰ ਕਿੰਗਸਟਨ 'ਚ ਖੇਡਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ। ਮੈਚ ਦੇ ਪਹਿਲੇ ਦਿਨ ਮਤਲਬ 16 ਫਰਵਰੀ ਨੂੰ ਉਨ੍ਹਾਂ ਦੀ ਬੱਲੇਬਾਜ਼ੀ ਆਈ ਅਤੇ ਉਹ 94 ਦੌੜਾਂ ਬਣਾ ਕੇ ਅਜੇਤੂ ਰਹੇ।


ਅਜਿਹਾ ਡੈਬਿਊ ਨਾ ਪਹਿਲਾਂ ਦੇਖਿਆ, ਨਾ ਅੱਜ ਤੱਕ ਹੋਇਆ


ਅਗਲੇ ਦਿਨ ਮਤਲਬ 17 ਫ਼ਰਵਰੀ ਨੂੰ ਲਾਰੈਂਸ ਨੇ ਇਸ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਬਦਲ ਕੇ ਕਮਾਲ ਕਰ ਦਿੱਤਾ। ਤੀਜੇ ਨੰਬਰ 'ਤੇ ਆਏ ਸੱਜੇ ਹੱਥ ਦੇ ਬੱਲੇਬਾਜ਼ ਨੇ ਜ਼ਬਰਦਸਤ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ 'ਚ ਆਪਣਾ ਨਾਂਅ ਦਰਜ ਕਰਵਾਇਆ। ਉਹ ਟੈਸਟ ਡੈਬਿਊ 'ਤੇ ਦੋਹਰਾ ਸੈਂਕੜਾ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣੇ। ਲਾਰੈਂਸ 214 ਦੌੜਾਂ ਬਣਾ ਕੇ ਆਊਟ ਹੋਏ ਪਰ ਅਜੇ ਹੋਰ ਇਤਿਹਾਸ ਬਣਾਉਣਾ ਬਾਕੀ ਸੀ।


ਵੈਸਟਇੰਡੀਜ਼ ਨੇ ਪਹਿਲੀ ਪਾਰੀ 508 ਦੌੜਾਂ ਬਣਾ ਕੇ ਘੋਸ਼ਿਤ ਕੀਤੀ ਅਤੇ ਫਿਰ ਨਿਊਜ਼ੀਲੈਂਡ ਨੂੰ 386 ਦੌੜਾਂ 'ਤੇ ਢੇਰ ਕਰ ਦਿੱਤਾ। ਵੈਸਟਇੰਡੀਜ਼ ਦੀ ਦੂਜੀ ਪਾਰੀ ਆਈ ਅਤੇ ਲਾਰੈਂਸ ਨੂੰ ਫਿਰ ਬੱਲੇਬਾਜ਼ੀ ਦਾ ਮੌਕਾ ਮਿਲਿਆ। ਇੱਕ ਵਾਰ ਫਿਰ ਇਸ ਨਵੇਂ ਉੱਭਰਦੇ ਬੱਲੇਬਾਜ਼ ਨੇ ਕੀਵੀ ਗੇਂਦਬਾਜ਼ਾਂ ਦੀ ਧੁਲਾਈ ਕੀਤੀ। ਲਾਰੈਂਸ ਨੇ ਡੈਬਿਊ ਮੈਚ ਦੀ ਦੂਜੀ ਪਾਰੀ 'ਚ ਵੀ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ। ਉਹ 100 ਦੌੜਾਂ ਬਣਾਉਣ ਤੋਂ ਬਾਅਦ ਅਜੇਤੂ ਪਰਤੇ ਅਤੇ ਇਸ ਤਰ੍ਹਾਂ ਟੈਸਟ ਡੈਬਿਊ 'ਚ ਦੋਹਰਾ ਸੈਂਕੜਾ ਅਤੇ ਸੈਂਕੜਾ ਲਗਾਉਣ ਵਾਲੇ ਦੁਨੀਆ ਦਾ ਪਹਿਲੇ ਅਤੇ ਇਕਲੌਤੇ ਬੱਲੇਬਾਜ਼ ਬਣ ਗਏ।


ਟੈਸਟ ਡੈਬਿਊ 'ਚ ਸਭ ਤੋਂ ਵੱਧ ਦੌੜਾਂ


ਭਾਵੇਂ ਇਹ ਟੈਸਟ ਡਰਾਅ ਰਿਹਾ ਪਰ ਲਾਰੈਂਸ ਅਜਿਹੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਮਰ ਹੋ ਗਏ। ਉਸ ਦੇ ਨਾਂਅ ਆਪਣੇ ਡੈਬਿਊ ਟੈਸਟ 'ਚ ਸਭ ਤੋਂ ਵੱਧ 314 ਦੌੜਾਂ ਬਣਾਉਣ ਦਾ ਰਿਕਾਰਡ ਹੈ, ਜੋ 50 ਸਾਲਾਂ ਬਾਅਦ ਵੀ ਕਾਇਮ ਹੈ। ਲਾਰੈਂਸ ਨੇ ਆਪਣੇ ਕਰੀਅਰ 'ਚ ਕੁੱਲ 30 ਟੈਸਟ ਖੇਡੇ ਅਤੇ 43 ਦੀ ਔਸਤ ਨਾਲ 2047 ਦੌੜਾਂ ਬਣਾਈਆਂ, ਜਿਸ 'ਚ 7 ਸੈਂਕੜੇ ਅਤੇ 7 ਅਰਧ ਸੈਂਕੜੇ ਸ਼ਾਮਲ ਹਨ, ਜਿਸ 'ਚ ਇਸ ਦੋਹਰੇ ਸੈਂਕੜੇ ਤੋਂ ਇਲਾਵਾ ਤੀਹਰਾ ਸੈਂਕੜਾ ਵੀ ਸ਼ਾਮਲ ਹੈ।