Gautam Gambhir vs Rohit Sharma: ਹਾਲ ਹੀ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਨੇ ਭਾਰਤੀ ਧਰਤੀ 'ਤੇ ਟੈਸਟ ਸੀਰੀਜ਼ 3-0 ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਗੌਤਮ ਗੰਭੀਰ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਸਮੀਖਿਆ ਬੈਠਕ ਕੀਤੀ। ਬੀਸੀਸੀਆਈ ਦੀ ਸਮੀਖਿਆ ਮੀਟਿੰਗ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ, ਮੁੱਖ ਕੋਚ ਗੌਤਮ ਗੰਭੀਰ, ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਪ੍ਰਧਾਨ ਰੋਜਰ ਬਿੰਨੀ ਮੌਜੂਦ ਸਨ ਪਰ ਸਵਾਲ ਇਹ ਹੈ ਕਿ ਇਸ ਮੀਟਿੰਗ ਤੋਂ ਬਾਅਦ ਕੀ ਹੋਇਆ ?



ਪੀਟੀਆਈ ਮੁਤਾਬਕ ਭਾਰਤੀ ਮੁੱਖ ਕੋਚ ਗੌਤਮ ਗੰਭੀਰ ਤੇ ਕਪਤਾਨ ਰੋਹਿਤ ਸ਼ਰਮਾ ਕਈ ਮੁੱਦਿਆਂ 'ਤੇ ਇਕਮਤ ਨਹੀਂ ਹਨ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੀ ਗੌਤਮ ਗੰਭੀਰ ਦੀ ਕੋਚਿੰਗ ਸ਼ੈਲੀ 'ਤੇ ਸਵਾਲ ਉਠਾਏ ਜਾਣੇ ਚਾਹੀਦੇ ਹਨ ਜਾਂ ਨਹੀਂ ਪਰ ਭਾਰਤੀ ਥਿੰਕ ਟੈਂਕ ਕਈ ਮੁੱਦਿਆਂ 'ਤੇ ਗੌਤਮ ਗੰਭੀਰ ਨਾਲ ਇਕਮਤ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਟੀਮ 'ਚ ਹਰਫਨਮੌਲਾ ਨਿਤੀਸ਼ ਕੁਮਾਰ ਰੈੱਡੀ ਤੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਚੋਣ 'ਚ ਗੌਤਮ ਗੰਭੀਰ ਦਾ ਵੱਡਾ ਯੋਗਦਾਨ ਸੀ ਪਰ ਟੀਮ ਪ੍ਰਬੰਧਨ ਦੇ ਹੋਰ ਲੋਕ ਮੁੱਖ ਕੋਚ ਦੇ ਫੈਸਲੇ ਤੋਂ ਖੁਸ਼ ਨਹੀਂ ਸਨ। ਤੁਹਾਨੂੰ ਦੱਸ ਦੇਈਏ ਕਿ ਨਿਤੀਸ਼ ਕੁਮਾਰ ਰੈੱਡੀ ਤੇ ਹਰਸ਼ਿਤ ਰਾਣਾ ਨੂੰ ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।



ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਬੀਸੀਸੀਆਈ ਦੀ ਸਮੀਖਿਆ ਮੀਟਿੰਗ ਵਿੱਚ ਭਾਰਤ ਦੀ ਹਾਰ ਦੇ ਕਾਰਨਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਬੀਸੀਸੀਆਈ ਦੇ ਇੱਕ ਸੀਨੀਅਰ ਸੂਤਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, 'ਇਹ ਛੇ ਘੰਟੇ ਦੀ ਮੈਰਾਥਨ ਮੀਟਿੰਗ ਸੀ, ਜੋ ਅਜਿਹੀ ਹਾਰ ਤੋਂ ਬਾਅਦ ਤੈਅ ਕੀਤੀ ਗਈ ਸੀ। ਭਾਰਤ ਆਸਟ੍ਰੇਲੀਆ ਦੇ ਦੌਰੇ 'ਤੇ ਜਾ ਰਿਹਾ ਹੈ ਤੇ ਬੀਸੀਸੀਆਈ ਇਹ ਯਕੀਨੀ ਬਣਾਉਣਾ ਚਾਹੇਗਾ ਕਿ ਟੀਮ ਪਟੜੀ 'ਤੇ ਵਾਪਸ ਆਵੇ। ਬੋਰਡ ਜਾਣਨਾ ਚਾਹੇਗਾ ਕਿ ਥਿੰਕ ਟੈਂਕ (ਗੰਭੀਰ-ਰੋਹਿਤ-ਅਗਰਕਰ) ਇਸ ਬਾਰੇ ਕੀ ਸੋਚ ਰਹੇ ਹਨ। ਫਿਲਹਾਲ ਗੌਤਮ ਗੰਭੀਰ ਭਾਰਤੀ ਟੀਮ ਨਾਲ ਦੱਖਣੀ ਅਫਰੀਕਾ ਦੌਰੇ 'ਤੇ ਹਨ। ਇਸ ਲਈ ਉਹ ਵੀਡੀਓ ਕਾਲ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।