Shubman Gill Fined: ਕ੍ਰਿਕਟਰ ਸ਼ੁਭਮਨ ਗਿੱਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਸ਼ੁਭਮਨ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਜ਼ ਨੇ ਪਿਛਲੇ ਸ਼ੁੱਕਰਵਾਰ (10 ਮਈ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ। ਗੁਜਰਾਤ ਲਈ ਕਪਤਾਨ ਗਿੱਲ ਨੇ ਸੈਂਕੜਾ ਖੇਡਿਆ, ਜਿਸ ਦੀ ਬਦੌਲਤ ਟੀਮ ਨੇ 20 ਓਵਰਾਂ ਵਿੱਚ 231/3 ਦੌੜਾਂ ਬਣਾਈਆਂ। ਪਰ ਸੈਂਕੜੇ ਅਤੇ ਜਿੱਤ ਤੋਂ ਬਾਅਦ ਵੀ ਬੀਸੀਸੀਆਈ ਨੇ ਸ਼ੁਭਮਨ ਗਿੱਲ 'ਤੇ ਜੁਰਮਾਨਾ ਲਗਾਇਆ। ਇਸ ਵਾਰ ਜੁਰਮਾਨਾ ਸਿਰਫ਼ ਕੈਪਟਨ ਗਿੱਲ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਪੂਰੀ ਟੀਮ ਨੂੰ ਇਸ ਦੀ ਮਾਰ ਪਈ।


ਦਰਅਸਲ, ਬੀਸੀਸੀਆਈ ਨੇ ਹੌਲੀ ਓਵਰ ਰੇਟ ਕਾਰਨ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ 'ਤੇ ਜੁਰਮਾਨਾ ਲਗਾਇਆ ਸੀ। ਗੁਜਰਾਤ ਟਾਈਟਨਸ ਨੂੰ ਸੀਜ਼ਨ ਵਿੱਚ ਧੀਮੀ ਓਵਰ ਰੇਟ ਕਾਰਨ ਦੂਜੀ ਵਾਰ ਜੁਰਮਾਨਾ ਲਾਇਆ ਗਿਆ। ਹੌਲੀ ਓਵਰ ਰੇਟ ਕਾਰਨ ਟੀਮ ਦੇ ਕਪਤਾਨ ਗਿੱਲ 'ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਦਕਿ ਪ੍ਰਭਾਵੀ ਖਿਡਾਰੀ ਸਮੇਤ ਪਲੇਇੰਗ ਇਲੈਵਨ ਦੇ ਬਾਕੀ ਖਿਡਾਰੀਆਂ 'ਤੇ 25 ਫੀਸਦੀ ਮੈਚ ਫੀਸ ਜਾਂ 6 ਲੱਖ ਰੁਪਏ ਦਾ ਜ਼ੁਰਮਾਨਾ ਲੱਗੇਗਾ, ਜੋ ਵੀ ਘੱਟ ਹੋਏਗਾ। 


ਗੁਜਰਾਤ ਨੇ ਜਿੱਤ ਦੇ ਨਾਲ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ



ਦੱਸ ਦੇਈਏ ਕਿ ਗੁਜਰਾਤ ਟਾਈਟਨਸ ਨੇ IPL 2024 ਦੇ 59ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਗੁਜਰਾਤ ਨੇ 34 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਟੀਮ 10 ਅੰਕਾਂ ਨਾਲ ਅੰਕ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਆ ਗਈ ਹੈ।


ਜ਼ਿਕਰਯੋਗ ਹੈ ਕਿ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ 'ਚ 231/3 ਦੌੜਾਂ ਬਣਾਈਆਂ। ਉਸ ਦੇ ਨਾਲ ਓਪਨਿੰਗ ਕਰਨ ਵਾਲੇ ਕਪਤਾਨ ਗਿੱਲ ਅਤੇ ਸਾਈ ਸੁਦਰਸ਼ਨ ਨੇ ਟੀਮ ਲਈ ਸੈਂਕੜੇ ਵਾਲੀ ਪਾਰੀ ਖੇਡੀ। ਗਿੱਲ ਨੇ 55 ਗੇਂਦਾਂ ਵਿੱਚ 9 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਾਈ ਸੁਦਰਸ਼ਨ ਨੇ 51 ਗੇਂਦਾਂ 'ਚ 5 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੀ ਵਿਕਟ ਲਈ 210 ਦੌੜਾਂ ਦੀ ਸਾਂਝੇਦਾਰੀ ਕੀਤੀ।


ਫਿਰ ਟੀਚੇ ਦਾ ਪਿੱਛਾ ਕਰਨ ਆਈ ਚੇਨਈ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 196 ਦੌੜਾਂ ਹੀ ਬਣਾ ਸਕੀ। ਟੀਮ ਲਈ ਡੇਰਿਲ ਮਿਸ਼ੇਲ ਨੇ 34 ਗੇਂਦਾਂ 'ਤੇ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 63 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਪਰ ਮਿਸ਼ੇਲ ਦੀ ਇਹ ਪਾਰੀ ਟੀਮ ਨੂੰ ਜਿੱਤ ਦੀ ਰੇਖਾ ਤੋਂ ਪਾਰ ਨਹੀਂ ਕਰ ਸਕੀ।