World Cup 2023: ਵਿਸ਼ਵ ਕੱਪ 2023 ਨੂੰ ਲੈ ਕੇ ਆਮ ਲੋਕ ਹੀ ਨਹੀਂ ਬਲਕਿ ਬਾਲੀਵੁੱਡ ਸੈਲੇਬਸ ਵੀ ਦੀਵਾਨੇ ਹਨ। ਇਸ ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਜਿੱਥੇ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਅਤੇ ਆਥੀਆ ਸ਼ੈੱਟੀ ਵਰਗੇ ਸਿਤਾਰੇ ਟੀਮ ਇੰਡੀਆ ਨੂੰ ਸਪੋਰਟ ਕਰਨ ਪਹੁੰਚੇ। ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਅਤੇ ਸਪਿਨਰ ਹਰਭਜਨ ਸਿੰਘ ਨੇ ਅਨੁਸ਼ਕਾ ਅਤੇ ਆਥੀਆ ਨੂੰ ਲੈ ਕੇ ਬਿਆਨ ਦਿੱਤਾ। ਜਿਸ ਕਾਰਨ ਹੁਣ ਸੋਸ਼ਲ ਮੀਡੀਆ 'ਤੇ ਖਲਬਲੀ ਮਚ ਗਈ ਹੈ।
ਹਰਭਜਨ ਸਿੰਘ ਨੇ ਅਨੁਸ਼ਕਾ ਅਤੇ ਆਥੀਆ 'ਤੇ ਦਿੱਤਾ ਵਿਵਾਦਤ ਬਿਆਨ
ਦਰਅਸਲ, ਹਰਭਜਨ ਸਿੰਘ ਨੇ ਟਿੱਪਣੀ ਕਰਦੇ ਹੋਏ ਵਿਰਾਟ ਕੋਹਲੀ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕੇਐਲ ਰਾਹੁਲ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ 'ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਹੋਇਆ ਇੰਝ ਕਿ ਮੈਚ ਦੌਰਾਨ ਜਦੋਂ ਕੈਮਰਾ ਅਨੁਸ਼ਕਾ ਅਤੇ ਆਥੀਆ ਵੱਲ ਘੁੰਮਿਆ ਤਾਂ ਦੋਵੇਂ ਇੱਕ-ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆਏ। ਜਿਸ 'ਤੇ ਹਰਭਜਨ ਸਿੰਘ ਨੇ ਕਿਹਾ ਸੀ ਕਿ, "ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਦੋਵੇਂ ਫਿਲਮਾਂ ਬਾਰੇ ਗੱਲ ਕਰ ਰਹੇ ਹੋਣਗੇ... ਕਿਉਂਕਿ ਅਨੁਸ਼ਕਾ ਸ਼ਰਮਾ ਅਤੇ ਆਥੀਆ ਸ਼ੈੱਟੀ ਨੂੰ ਕ੍ਰਿਕਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੋਵੇਗੀ।"
ਯੂਜ਼ਰਸ ਨੇ ਹਰਭਜਨ ਸਿੰਘ ਦੀ ਲਗਾਈ ਕਲਾਸ
ਹਰਭਜਨ ਸਿੰਘ ਦੇ ਇਸ ਬਿਆਨ ਕਾਰਨ ਹੁਣ ਯੂਜ਼ਰਸ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਤਾਂ ਕ੍ਰਿਕਟਰ ਤੋਂ ਮੁਆਫੀ ਦੀ ਮੰਗ ਵੀ ਕੀਤੀ ਹੈ। ਯੂਜ਼ਰ ਨੇ ਲਿਖਿਆ, ''ਹਰਭਜਨ_ਸਿੰਘ ਤੁਹਾਡਾ ਕੀ ਮਤਲਬ ਹੈ ਕਿ ਔਰਤਾਂ ਕ੍ਰਿਕਟ ਨੂੰ ਸਮਝਦੀਆਂ ਹਨ ਜਾਂ ਨਹੀਂ? ਕਿਰਪਾ ਕਰਕੇ ਤੁਰੰਤ ਮੁਆਫੀ ਮੰਗੋ। ਜਦੋਂ ਕਿ ਇੱਕ ਹੋਰ ਨੇ ਲਿਖਿਆ, "ਇਹ ਸਭ ਤੋਂ ਘਿਣਾਉਣੀ ਗੱਲ ਹੈ ਜੋ ਮੈਂ ਸੁਣੀ ਹੈ.."
ਇਹ ਸਿਤਾਰੇ ਸਟੇਡੀਅਮ ਪਹੁੰਚੇ
ਦੱਸ ਦੇਈਏ ਕਿ ਸ਼ਾਹਰੁਖ ਖਾਨ, ਗੌਰੀ ਖਾਨ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਆਯੁਸ਼ਮਾਨ ਖੁਰਾਨਾ, ਸੁਹਾਨਾ ਖਾਨ, ਆਰੀਅਨ ਖਾਨ, ਅਬਰਾਮ ਖਾਨ, ਸ਼ਨਾਇਆ ਕਪੂਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਟੀਮ ਇੰਡੀਆ ਨੂੰ ਚੀਅਰ ਕਰਨ ਪਹੁੰਚੇ। ਇਸ ਦੌਰਾਨ ਅਮਿਤ ਸ਼ਾਹ ਵੀ ਉਨ੍ਹਾਂ ਨਾਲ ਨਜ਼ਰ ਆਏ।