ਟੀਮ ਇੰਡੀਆ ਦੇ ਸਰਵਸ੍ਰੇਸ਼ਠ ਆਲਰਾਊਂਡਰਾਂ ਵਿੱਚੋਂ ਇੱਕ ਹਾਰਦਿਕ ਪੰਡਯਾ(Hardik Pandya ) ਨੇ ਸਾਲ 2018 ਵਿੱਚ ਭਾਰਤੀ ਟੀਮ ਲਈ ਆਪਣਾ ਆਖ਼ਰੀ ਟੈਸਟ ਮੈਚ ਖੇਡਿਆ ਸੀ। ਉਦੋਂ ਤੋਂ ਹਾਰਦਿਕ ਪੰਡਯਾ ਭਾਰਤੀ ਟੈਸਟ ਟੀਮ ਤੋਂ ਬਾਹਰ ਹਨ।ਹਾਲਾਂਕਿ ਇਸ ਦੌਰਾਨ ਕਈ ਵਾਰ ਪ੍ਰਬੰਧਨ ਨੇ ਉਸ ਨੂੰ ਟੈਸਟ ਟੀਮ 'ਚ ਸ਼ਾਮਲ ਕਰਨ ਦੀ ਗੱਲ ਕੀਤੀ ਪਰ ਉਸ ਨੇ ਆਪਣੀ ਫਿਟਨੈੱਸ ਦਾ ਹਵਾਲਾ ਦਿੰਦੇ ਹੋਏ ਇਨਕਾਰ ਕਰ ਦਿੱਤਾ।


ਪਰ ਹੁਣ ਖਬਰ ਆਈ ਹੈ ਕਿ ਟੀਮ ਇੰਡੀਆ ਦਾ ਇਹ ਖਤਰਨਾਕ ਆਲਰਾਊਂਡਰ (ਹਾਰਦਿਕ ਪੰਡਯਾ) ਇੱਕ ਵਾਰ ਫਿਰ ਟੈਸਟ ਕ੍ਰਿਕਟ 'ਚ ਵਾਪਸੀ ਕਰਨ ਲਈ ਬੇਤਾਬ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਾਰਦਿਕ ਪੰਡਯਾ ਭਾਰਤੀ ਟੀਮ ਲਈ ਇੰਗਲੈਂਡ ਵਿੱਚ ਟੈਸਟ ਕ੍ਰਿਕਟ ਖੇਡਦੇ ਨਜ਼ਰ ਆ ਸਕਦੇ ਹਨ।



ਵਰਤਮਾਨ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਇੱਕ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ ਤੇ ਜੇ ਭਾਰਤੀ ਟੀਮ ਇਹ ਸੀਰੀਜ਼ ਜਿੱਤ ਜਾਂਦੀ ਹੈ, ਤਾਂ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲੈਂਦੀ ਹੈ ਫਿਰ ਸੰਭਾਵਨਾਵਾਂ ਹਨ ਕਿ ਹਾਰਦਿਕ ਪੰਡਯਾ ਨੂੰ ਇਸ ਫਾਈਨਲ ਮੈਚ ਲਈ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਚੋਣਕਾਰ ਉਸ ਦੀ ਹਰਫ਼ਨਮੌਲਾ ਯੋਗਤਾ ਨੂੰ ਦੇਖਦੇ ਹੋਏ ਹੀ ਉਸ ਨੂੰ ਇਹ ਮੌਕਾ ਦੇ ਸਕਦੇ ਹਨ। ਇੰਗਲੈਂਡ ਦੇ ਹਾਲਾਤ 'ਚ ਹਾਰਦਿਕ ਪੰਡਯਾ ਟੀਮ ਇੰਡੀਆ ਲਈ ਮੈਚ ਵਿਨਰ ਸਾਬਤ ਹੋ ਸਕਦੇ ਹਨ।


ਹਰਸ਼ਿਤ ਰਾਣਾ ਨੂੰ ਬੀਸੀਸੀਆਈ ਮੈਨੇਜਮੈਂਟ ਨੇ ਆਸਟ੍ਰੇਲੀਆ ਖ਼ਿਲਾਫ਼ ਖੇਡੀ ਜਾ ਰਹੀ ਟੈਸਟ ਸੀਰੀਜ਼ ਵਿੱਚ ਮੌਕਾ ਦਿੱਤਾ ਹੈ ਪਰ ਹਰਸ਼ਿਤ ਰਾਣਾ ਨੇ ਇਸ ਸੀਰੀਜ਼ 'ਚ ਕੁਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਹੈ, ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਹੁਣ ਭਾਰਤੀ ਟੈਸਟ ਟੀਮ 'ਚ ਉਨ੍ਹਾਂ ਦੀ ਜਗ੍ਹਾ ਹਾਰਦਿਕ ਪੰਡਯਾ ਨੂੰ ਤਰਜੀਹ ਦਿੱਤੀ ਜਾਵੇਗੀ। 6ਵੇਂ ਨੰਬਰ 'ਤੇ ਹਮਲਾਵਰ ਬੱਲੇਬਾਜ਼ੀ ਕਰਨ ਦੇ ਨਾਲ-ਨਾਲ ਹਾਰਦਿਕ ਪੰਡਯਾ ਨੂੰ ਭਾਰਤੀ ਟੀਮ ਲਈ ਪਲੇਇੰਗ ਇਲੈਵਨ 'ਚ ਚੌਥੇ ਤੇਜ਼ ਗੇਂਦਬਾਜ਼ ਵਜੋਂ ਦੇਖਿਆ ਜਾ ਸਕਦਾ ਹੈ, ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਭਾਰਤੀ ਟੀਮ ਲਈ ਟੈਸਟ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ।



ਹਾਰਦਿਕ ਪੰਡਯਾ ਦੇ ਅੰਕੜੇ ਸ਼ਾਨਦਾਰ


ਜੇਕਰ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਰੀਅਰ ਕਾਫੀ ਸ਼ਾਨਦਾਰ ਰਿਹਾ ਹੈ। ਆਪਣੇ ਕਰੀਅਰ ਵਿੱਚ ਹੁਣ ਤੱਕ ਉਹ 11 ਟੈਸਟ ਮੈਚਾਂ ਦੀਆਂ 17 ਪਾਰੀਆਂ ਵਿੱਚ 31.29 ਦੀ ਔਸਤ ਅਤੇ 73.28 ਦੇ ਸਟ੍ਰਾਈਕ ਰੇਟ ਨਾਲ 532 ਦੌੜਾਂ ਬਣਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 4 ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ। ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ 17 ਵਿਕਟਾਂ ਆਪਣੇ ਨਾਂ ਕਰ ਲਈਆਂ ਹਨ।