ICC Men's T20I Team of Year for 2024: ਪਿਛਲੇ ਸਾਲ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਭਾਰਤੀ ਟੀਮ ਨੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਉੱਤੇ ਕਬਜ਼ਾ ਕੀਤਾ ਸੀ। ਟੀਮ ਇੰਡੀਆ ਨੇ 20 ਓਵਰਾਂ ਦੇ ਫਾਰਮੈਟ ਵਿੱਚ 17 ਸਾਲਾਂ ਦਾ ਸੋਕਾ ਖਤਮ ਕਰਦੇ ਹੋਏ ਜਿੱਤ ਦਰਜ ਕੀਤੀ ਸੀ।
ਇਸ ਦੌਰਾਨ ਪਿਛਲੇ ਸਾਲ ਦੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਈਸੀਸੀ ਨੇ ਸਾਲ ਦੀ ਆਪਣੀ ਟੀ-20 ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ 'ਚ ਕੁਝ ਹੈਰਾਨੀਜਨਕ ਨਾਂ ਸ਼ਾਮਲ ਕੀਤੇ ਗਏ ਹਨ ਪਰ ਭਾਰਤ 'ਚੋਂ ਵਿਰਾਟ ਕੋਹਲੀ ਦਾ ਨਾਂ ਗਾਇਬ ਹੈ।
ਰੋਹਿਤ ਸ਼ਰਮਾ ਨੂੰ ਆਈਸੀਸੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਗਲੋਬਲ ਬਾਡੀ ਵੱਲੋਂ ਐਲਾਨੀ ਗਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ 'ਚੋਂ ਰੋਹਿਤ ਸ਼ਰਮਾ ਤੋਂ ਇਲਾਵਾ ਕੁਝ ਹੋਰ ਨਾਂ ਇਸ 'ਚ ਸ਼ਾਮਲ ਕੀਤੇ ਗਏ ਹਨ।
ICC ਨੇ ਕੋਹਲੀ ਨੂੰ ਸਾਲ ਦੀ ਟੀਮ 'ਚੋਂ ਬਾਹਰ ਕਰਕੇ ਹੈਰਾਨੀਜਨਕ ਫੈਸਲਾ ਲਿਆ ਹੈ। ਹਾਲਾਂਕਿ ਰੋਹਿਤ ਇਸ ਟੀਮ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਕਪਤਾਨ ਵੀ ਬਣਾਇਆ ਗਿਆ ਹੈ। ਟੀਮ ਇੰਡੀਆ ਨੇ ਰੋਹਿਤ ਦੀ ਕਪਤਾਨੀ 'ਚ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ ਸੀ। ਸਾਲ 2024 ਰੋਹਿਤ ਲਈ ਸ਼ਾਨਦਾਰ ਰਿਹਾ। ਰੋਹਿਤ ਨੇ ਟੀ-20 ਵਿਸ਼ਵ ਕੱਪ 'ਚ ਤਿੰਨ ਅਰਧ ਸੈਂਕੜੇ ਲਗਾਏ ਸਨ। ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ ਸੁਪਰ 8 ਮੈਚ 'ਚ 92 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਪਾਂਡਿਆ ਦੇ ਨਾਲ-ਨਾਲ ਬੁਮਰਾਹ-ਅਰਸ਼ਦੀਪ ਵੀ ਬਣੇ ਟੀਮ ਦਾ ਹਿੱਸਾ-
ਆਈਸੀਸੀ ਨੇ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਵੀ ਮੌਕਾ ਦਿੱਤਾ ਹੈ। ਪਾਂਡਿਆ ਲਈ ਵੀ ਸਾਲ 2024 ਚੰਗਾ ਰਿਹਾ। ਉਨ੍ਹਾਂ ਨੇ ਕੁੱਲ 17 ਟੀ-20 ਮੈਚ ਖੇਡੇ। ਇਸ ਦੌਰਾਨ 352 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ 16 ਵਿਕਟਾਂ ਵੀ ਲਈਆਂ। ਆਈਸੀਸੀ ਨੇ ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਹੈ। ਬੁਮਰਾਹ ਨੇ 8 ਮੈਚਾਂ 'ਚ 15 ਵਿਕਟਾਂ ਲਈਆਂ। ਇਸ ਦੌਰਾਨ 7 ਦੌੜਾਂ ਦੇ ਕੇ 3 ਵਿਕਟਾਂ ਲੈਣਾ ਇਕ ਮੈਚ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਜਦਕਿ ਅਰਸ਼ਦੀਪ ਨੇ 18 ਮੈਚਾਂ ਵਿੱਚ 36 ਵਿਕਟਾਂ ਲਈਆਂ।
ਬਾਬਰ-ਹੈੱਡ ਨੂੰ ਆਈਸੀਸੀ ਟੀਮ ਵਿੱਚ ਜਗ੍ਹਾ ਮਿਲੀ -
ਆਸਟ੍ਰੇਲੀਆਈ ਖਿਡਾਰੀ ਟ੍ਰੈਵਿਸ ਹੈੱਡ ਅਤੇ ਇੰਗਲੈਂਡ ਦੇ ਬੱਲੇਬਾਜ਼ ਫਿਲਿਪ ਸਾਲਟ ਵੀ ਆਈਸੀਸੀ ਟੀਮ ਦਾ ਹਿੱਸਾ ਹਨ। ਹੈੱਡ ਨੇ 15 ਮੈਚਾਂ 'ਚ 539 ਦੌੜਾਂ ਬਣਾਈਆਂ ਸਨ। ਜਦਕਿ ਸਾਲਟ ਨੇ 17 ਮੈਚਾਂ 'ਚ 467 ਦੌੜਾਂ ਬਣਾਈਆਂ ਸਨ। ਪਾਕਿਸਤਾਨੀ ਬੱਲੇਬਾਜ਼ ਬਾਬਰ ਨੇ 24 ਮੈਚਾਂ 'ਚ 738 ਦੌੜਾਂ ਬਣਾਈਆਂ ਸਨ।
ਸਾਲ 2024 ਦੀ ਆਈਸੀਸੀ ਪੁਰਸ਼ ਟੀ-20 ਟੀਮ: ਰੋਹਿਤ ਸ਼ਰਮਾ (ਕਪਤਾਨ), ਟ੍ਰੈਵਿਸ ਹੈੱਡ, ਫਿਲਿਪ ਸਾਲਟ, ਬਾਬਰ ਆਜ਼ਮ, ਨਿਕਲਾਸ ਪੂਰਨ, ਸਿਕੰਦਰ ਰਜ਼ਾ, ਹਾਰਦਿਕ ਪਾਂਡਿਆ, ਰਾਸ਼ਿਦ ਖਾਨ, ਵਨਿੰਦੂ ਹਸਾਰੰਗਾ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ।