India vs Zimbabwe T20 World Cup 2022: ਮੈਲਬੋਰਨ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਜ਼ਿੰਬਾਬਵੇ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2022 ਦੇ 42ਵੇਂ ਮੈਚ ਵਿੱਚ 71 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 187 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਜ਼ਿੰਬਾਬਵੇ ਦੀ ਟੀਮ 115 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਲਈ ਸੂਰਿਆਕੁਮਾਰ ਯਾਦਵ ਨੇ ਯਾਦਗਾਰ ਪਾਰੀ ਖੇਡੀ। ਜਦਕਿ ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਦਿਖਾਈ। ਸ਼ਮੀ ਅਤੇ ਹਾਰਦਿਕ ਪੰਡਯਾ ਨੇ 2-2 ਵਿਕਟਾਂ ਲਈਆਂ।
ਟੀਮ ਇੰਡੀਆ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ 17.2 ਓਵਰਾਂ 'ਚ 115 ਦੌੜਾਂ 'ਤੇ ਆਲ ਆਊਟ ਹੋ ਗਈ। ਜ਼ਿੰਬਾਬਵੇ ਲਈ ਰਿਆਨ ਬਰਲੇ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਉਸ ਨੇ 22 ਗੇਂਦਾਂ 'ਚ 5 ਚੌਕੇ ਅਤੇ 1 ਛੱਕਾ ਲਗਾਇਆ। ਸਿਕੰਦਰ ਰਜ਼ਾ ਨੇ 24 ਗੇਂਦਾਂ 'ਤੇ 34 ਦੌੜਾਂ ਬਣਾਈਆਂ। ਉਸ ਨੇ 3 ਚੌਕੇ ਲਾਏ। ਕਪਤਾਨ ਕ੍ਰੇਗ ਇਰਵਿਨ ਵੀ ਜ਼ਿਆਦਾ ਕੁਝ ਨਹੀਂ ਕਰ ਸਕੇ। ਉਹ 15 ਗੇਂਦਾਂ 'ਤੇ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਸਲਾਮੀ ਬੱਲੇਬਾਜ਼ ਵੇਸਲੇ ਮਧਵੇਰੇ ਖਾਤਾ ਵੀ ਨਹੀਂ ਖੋਲ੍ਹ ਸਕਿਆ। ਉਸ ਨੂੰ ਭੁਵਨੇਸ਼ਵਰ ਕੁਮਾਰ ਨੇ ਆਊਟ ਕੀਤਾ। ਚੱਕਬਵਾ ਵੀ ਜ਼ੀਰੋ 'ਤੇ ਆਊਟ ਹੋਇਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ। ਇਸ ਦੌਰਾਨ ਸੂਰਿਆਕੁਮਾਰ ਯਾਦਵ ਨੇ ਤੂਫਾਨੀ ਪਾਰੀ ਖੇਡੀ। ਉਸ ਨੇ 25 ਗੇਂਦਾਂ 'ਤੇ ਅਜੇਤੂ 61 ਦੌੜਾਂ ਬਣਾਈਆਂ। ਸੂਰਿਆ ਨੇ ਇਸ ਪਾਰੀ ਦੌਰਾਨ 6 ਚੌਕੇ ਅਤੇ 4 ਛੱਕੇ ਲਗਾਏ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੇ ਵੀ ਅਰਧ ਸੈਂਕੜਾ ਜੜਿਆ। ਉਸ ਨੇ 35 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 3 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਵਿਰਾਟ ਕੋਹਲੀ 26 ਦੌੜਾਂ ਬਣਾ ਕੇ ਆਊਟ ਹੋਏ, ਉਨ੍ਹਾਂ ਨੇ 2 ਚੌਕੇ ਲਗਾਏ। ਰੋਹਿਤ ਸ਼ਰਮਾ 15 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਹਾਰਦਿਕ ਪੰਡਯਾ ਨੇ 18 ਗੇਂਦਾਂ ਵਿੱਚ 18 ਦੌੜਾਂ ਬਣਾਈਆਂ।