IND Vs AUS, Innings Highlights: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਰਾਜਕੋਟ ਦੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆਈ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 352 ਦੌੜਾਂ ਬਣਾਈਆਂ। ਕੰਗਾਰੂ ਟੀਮ ਵਲੋਂ ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ ਅਤੇ ਮਾਰਨਸ ਲਾਬੁਸ਼ੇਨ ਦੇ ਬੱਲੇ ਤੋਂ ਅਰਧ ਸੈਂਕੜੇ ਵਾਲੀ ਪਾਰੀ ਦੇਖਣ ਨੂੰ ਮਿਲੀ। ਗੇਂਦਬਾਜ਼ੀ 'ਚ ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਲਈਆਂ ਜਦਕਿ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।


ਵਾਰਨਰ ਅਤੇ ਮਾਰਸ਼ ਦੀ ਜੋੜੀ ਨੇ ਟੀਮ ਨੂੰ ਦਿੱਤੀ ਹਮਲਾਵਰ ਸ਼ੁਰੂਆਤ


ਟਾਸ ਜਿੱਤ ਕੇ ਆਸਟ੍ਰੇਲੀਆਈ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਤੇ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਦੀ ਜੋੜੀ ਪਾਰੀ ਦੀ ਸ਼ੁਰੂਆਤ ਕਰਨ ਲਈ ਮੈਦਾਨ 'ਚ ਆਈ। ਦੋਵਾਂ ਨੇ ਪਹਿਲੇ 2 ਓਵਰਾਂ 'ਚ ਸਿਰਫ 7 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮਾਰਸ਼ ਨੇ ਪਾਰੀ ਦੇ ਤੀਜੇ ਓਵਰ 'ਚ ਬੁਮਰਾਹ ਖਿਲਾਫ 14 ਦੌੜਾਂ ਬਣਾ ਕੇ ਸਕੋਰ ਨੂੰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ। ਚੌਥੇ ਓਵਰ 'ਚ ਵਾਰਨਰ ਨੇ ਸਿਰਾਜ ਦੇ ਖਿਲਾਫ 16 ਦੌੜਾਂ ਬਣਾਈਆਂ ਅਤੇ ਦੋਹਾਂ ਪਾਸਿਆਂ ਤੋਂ ਹਮਲੇ ਸ਼ੁਰੂ ਕਰ ਦਿੱਤੇ।


ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਦੀ ਓਪਨਿੰਗ ਜੋੜੀ ਨੇ 7ਵੇਂ ਓਵਰ ਦੇ ਅੰਤ ਤੱਕ ਬਿਨਾਂ ਕਿਸੇ ਨੁਕਸਾਨ ਤੋਂ ਸਕੋਰ 65 ਦੌੜਾਂ ਤੱਕ ਪਹੁੰਚਾ ਦਿੱਤਾ। ਕੰਗਾਰੂ ਟੀਮ ਨੂੰ ਪਹਿਲਾ ਝਟਕਾ ਨੌਵੇਂ ਓਵਰ ਦੀ ਪਹਿਲੀ ਗੇਂਦ 'ਚ ਵਾਰਨਰ ਦੇ ਰੂਪ 'ਚ ਲੱਗਿਆ। ਵਾਰਨਰ ਨੇ ਪ੍ਰਸਿੱਧ ਕ੍ਰਿਸ਼ਣਾ ਦੀ ਗੇਂਦ 'ਤੇ ਪਿੱਛੇ ਵੱਲ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਆਪਣਾ ਦਾ ਕੈਚ ਵਿਕਟਕੀਪਰ ਕੇਐੱਲ ਰਾਹੁਲ ਨੂੰ ਫੜਾ ਦਿੱਤਾ।


ਵਾਰਨਰ 34 ਗੇਂਦਾਂ ਵਿੱਚ 56 ਦੌੜਾਂ ਦੀ ਹਮਲਾਵਰ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ। ਪਹਿਲੇ 10 ਓਵਰਾਂ ਦੀ ਸਮਾਪਤੀ 'ਤੇ ਆਸਟ੍ਰੇਲੀਆਈ ਟੀਮ 1 ਵਿਕਟ ਦੇ ਨੁਕਸਾਨ 'ਤੇ 90 ਦੌੜਾਂ ਤੱਕ ਪਹੁੰਚਣ 'ਚ ਕਾਮਯਾਬ ਰਹੀ।


ਇਹ ਵੀ ਪੜ੍ਹੋ: Yuzvendra Chahal: ਯੁਜਵੇਂਦਰ ਚਾਹਲ ਨੇ ਸਪੈਸ਼ਲ ਪੋਸਟ ਰਾਹੀਂ ਪਤਨੀ ਧਨਸ਼੍ਰੀ ਵਰਮਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਇੰਝ ਜਤਾਇਆ ਪਿਆਰ


ਮਾਰਸ਼ 4 ਦੌੜਾਂ ਨਾਲ ਸੈਂਕੜੇ ਤੋਂ ਖੁੰਝੇ, ਸਮਿਥ ਨਾਲ ਨਿਭਾਈ ਅਹਿਮ ਸਾਂਝੇਦਾਰੀ


ਵਾਰਨਰ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਸਟੀਵ ਸਮਿਥ ਬੱਲੇਬਾਜ਼ੀ ਲਈ ਆਏ ਅਤੇ ਮਿਸ਼ੇਲ ਮਾਰਸ਼ ਨੇ ਦੌੜਾਂ ਦੀ ਰਫ਼ਤਾਰ ਨੂੰ ਹੌਲੀ ਨਹੀਂ ਹੋਣ ਦਿੱਤਾ। ਦੋਵੇਂ ਇਕੱਠੇ ਦੌੜਾਂ ਬਣਾਉਂਦੇ ਰਹੇ ਅਤੇ 22 ਓਵਰਾਂ ਦੇ ਅੰਤ 'ਤੇ ਸਕੋਰ 150 ਦੇ ਪਾਰ ਪਹੁੰਚ ਗਿਆ। ਮਿਸ਼ੇਲ ਮਾਰਸ਼ ਨੇ ਇਕ ਸਿਰੇ ਤੋਂ ਭਾਰਤੀ ਗੇਂਦਬਾਜ਼ਾਂ 'ਤੇ ਹਮਲੇ ਜਾਰੀ ਰੱਖੇ। ਜਦੋਂ ਸਾਰਿਆਂ ਨੇ ਸੋਚਿਆ ਸੀ ਕਿ ਅੱਜ ਦੇ ਇਸ ਮੈਚ 'ਚ ਉਹ ਆਪਣਾ ਸੈਂਕੜਾ ਲਗਾਉਣ 'ਚ ਸਫਲ ਰਹਿਣਗੇ, ਉਸੇ ਸਮੇਂ ਉਨ੍ਹਾਂ ਨੇ ਕੁਲਦੀਪ ਯਾਦਵ ਖਿਲਾਫ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਆਪਣਾ ਵਿਕਟ ਦੇ ਦਿੱਤਾ। ਆਸਟ੍ਰੇਲੀਆ ਦੀ ਟੀਮ ਨੂੰ ਦੂਜਾ ਝਟਕਾ 215 ਦੇ ਸਕੋਰ 'ਤੇ ਲੱਗਿਆ ਜਿਸ 'ਚ ਮਾਰਸ਼ 84 ਗੇਂਦਾਂ 'ਤੇ 96 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ।


ਆਸਟ੍ਰੇਲੀਆ ਨੇ ਤੇਜ਼ੀ ਨਾਲ ਗੁਆਏ ਵਿਕਟ, ਰਨ ਰੇਟ 'ਤੇ ਲੱਗਿਆ ਬ੍ਰੇਕ


ਮਿਸ਼ੇਲ ਮਾਰਸ਼ ਦੇ ਵਿਕਟ ਡਿੱਗਣ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੂੰ ਵੀ ਇਸ ਮੈਚ 'ਚ ਥੋੜੀ ਵਾਪਸੀ ਕਰਨ ਦਾ ਮੌਕਾ ਮਿਲਿਆ। 242 ਦੇ ਸਕੋਰ 'ਤੇ ਕੰਗਾਰੂ ਟੀਮ ਨੂੰ ਤੀਜਾ ਝਟਕਾ ਸਟੀਵ ਸਮਿਥ ਦੇ ਰੂਪ 'ਚ ਲੱਗਿਆ, ਜੋ ਮੁਹੰਮਦ ਸਿਰਾਜ ਦੀ ਗੇਂਦ 'ਤੇ 74 ਦੇ ਨਿੱਜੀ ਸਕੋਰ 'ਤੇ ਐਲਬੀਡਬਲਿਊ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਜਦੋਂ ਕਿ ਐਲੇਕਸ ਕੈਰੀ, ਗਲੇਨ ਮੈਕਸਵੈੱਲ ਅਤੇ ਕੈਮਰਨ ਗ੍ਰੀਨ ਆਪਣੇ ਬੱਲੇ ਨਾਲ ਕੋਈ ਖਾਸ ਯੋਗਦਾਨ ਨਹੀਂ ਦੇ ਸਕੇ। 299 ਦੇ ਸਕੋਰ ਤੱਕ ਕੰਗਾਰੂ ਟੀਮ ਨੇ ਆਪਣੀਆਂ 6 ਵਿਕਟਾਂ ਗੁਆ ਲਈਆਂ ਸਨ।


ਲਾਬੂਸ਼ੇਨ ਅਤੇ ਕਮਿੰਸ ਨੇ ਪਾਰੀ ਸੰਭਾਲੀ, ਸਕੋਰ ਪਹੁੰਚਿਆ 350 ਤੋਂ ਪਾਰ


ਆਸਟ੍ਰੇਲੀਆਈ ਟੀਮ ਦੀਆਂ ਵਿਕਟਾਂ ਤੇਜ਼ੀ ਨਾਲ ਡਿੱਗਣ ਕਾਰਨ ਰਨ ਰੇਟ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਇਕ ਸਿਰੇ 'ਤੇ ਮੌਜੂਦ ਮਾਰਨਸ ਲਾਬੁਸ਼ੇਨ ਨੂੰ ਕਪਤਾਨ ਪੈਟ ਕਮਿੰਸ ਦਾ ਸਾਥ ਮਿਲਿਆ ਅਤੇ ਉਨ੍ਹਾਂ ਨੇ ਮਿਲ ਕੇ ਡਿੱਗਦੀਆਂ ਵਿਕਟਾਂ 'ਤੇ ਬ੍ਰੇਕ ਲਗਾ ਦਿੱਤੀ। ਇੱਥੋਂ ਦੋਵਾਂ ਵਿਚਾਲੇ 39 ਗੇਂਦਾਂ 'ਚ 46 ਦੌੜਾਂ ਦੀ ਅਹਿਮ ਸਾਂਝੇਦਾਰੀ ਦੇਖਣ ਨੂੰ ਮਿਲੀ। ਜਸਪ੍ਰੀਤ ਬੁਮਰਾਹ ਨੇ 49ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਮਾਰਨਸ ਲਾਬੂਸ਼ੇਨ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਉਨ੍ਹਾਂ ਨੂੰ 72 ਦੇ ਨਿੱਜੀ ਸਕੋਰ 'ਤੇ ਪਵੇਲੀਅਨ ਭੇਜ ਦਿੱਤਾ।


ਤੀਜੇ ਵਨਡੇ 'ਚ ਆਸਟ੍ਰੇਲੀਆਈ ਟੀਮ 50 ਓਵਰਾਂ ਦੀ ਖੇਡ ਖਤਮ ਹੋਣ 'ਤੇ 7 ਵਿਕਟਾਂ ਦੇ ਨੁਕਸਾਨ 'ਤੇ 352 ਦੌੜਾਂ ਬਣਾਉਣ 'ਚ ਕਾਮਯਾਬ ਰਹੀ। ਭਾਰਤ ਲਈ ਗੇਂਦਬਾਜ਼ੀ 'ਚ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ, ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ ਜਦਕਿ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਣਾ ਨੇ 1-1 ਵਿਕਟ ਲਈ।


ਇਹ ਵੀ ਪੜ੍ਹੋ: World Cup 2023: ਰੋਹਿਤ ਸ਼ਰਮਾ ਦੀ ਕਪਤਾਨੀ ਖਾਸ ਕਿਉਂ ? ਸ਼ੁਭਮਨ ਗਿੱਲ ਨੇ ਖੁਲਾਸਾ ਕਰ ਖੋਲ੍ਹਿਆ ਰਾਜ਼