IND vs ENG 4th Test: ਭਾਰਤ ਅਤੇ ਇੰਗਲੈਂਡ ਵਿਚਾਲੇ ਮੈਨਚੈਸਟਰ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ਟੀਮ ਇੰਡੀਆ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਮੈਦਾਨ 'ਤੇ ਕੁਝ ਅਜਿਹਾ ਕਰ ਦਿਖਾਇਆ, ਜੋ ਕਿ ਕ੍ਰਿਕਟ ਦੇ ਇਤਿਹਾਸ ਵਿੱਚ ਹਿੰਮਤ ਅਤੇ ਸਮਰਪਣ ਦੀ ਇੱਕ ਮਿਸਾਲ ਬਣ ਗਿਆ ਹੈ। ਪੰਤ ਨੇ ਪੈਰ ਵਿੱਚ ਫ੍ਰੈਕਚਰ ਹੋਣ ਦੇ ਬਾਵਜੂਦ ਬੱਲੇਬਾਜ਼ੀ ਕੀਤੀ ਅਤੇ ਨਾ ਸਿਰਫ ਟੀਮ ਨੂੰ ਇੱਕ ਮੁਸ਼ਕਲ ਹਾਲਾਤ ਤੋਂ ਬਚਾਇਆ, ਸਗੋਂ ਕੋਚ ਗੌਤਮ ਗੰਭੀਰ ਨੂੰ ਆਪਣੇ ਨਿਯਮ ਤੋੜਨ ਲਈ ਵੀ ਮਜਬੂਰ ਕੀਤਾ।

ਗੰਭੀਰ, ਜੋ ਕਿ ਇੱਕ ਕੋਚ ਜਾਂ ਖਿਡਾਰੀ ਦੇ ਤੌਰ 'ਤੇ ਹਮੇਸ਼ਾ ਟੀਮ ਖੇਡਾਂ ਵਿੱਚ ਵਿਅਕਤੀਗਤ ਪ੍ਰਸ਼ੰਸਾ ਕਰਨ ਤੋਂ ਪਰਹੇਜ਼ ਕਰਦੇ ਹਨ, ਨੇ ਪਹਿਲੀ ਵਾਰ ਆਪਣਾ ਨਿਯਮ ਤੋੜਿਆ ਹੈ। ਗੰਭੀਰ ਨੇ ਸਾਰਿਆਂ ਦੇ ਸਾਹਮਣੇ ਇੱਕ ਖਿਡਾਰੀ ਦੀ ਪ੍ਰਸ਼ੰਸਾ ਕੀਤੀ। ਰਿਸ਼ਭ ਪੰਤ ਦੇ ਜਜ਼ਬੇ ਤੋਂ ਪ੍ਰਭਾਵਿਤ ਹੋ ਕੇ, ਗੰਭੀਰ ਨੇ ਡ੍ਰੈਸਿੰਗ ਰੂਮ ਵਿੱਚ ਖਿਡਾਰੀਆਂ ਦੇ ਸਾਹਮਣੇ ਕਿਹਾ, "ਮੈਨੂੰ ਵਿਅਕਤੀਆਂ ਬਾਰੇ ਗੱਲ ਕਰਨਾ ਪਸੰਦ ਨਹੀਂ ਹੈ।

ਮੈਂ ਕਦੇ ਵੀ ਟੀਮ ਗੇਮ ਵਿੱਚ ਕਿਸੇ ਖਿਡਾਰੀ ਬਾਰੇ ਨਹੀਂ ਬੋਲਿਆ, ਪਰ ਤੁਸੀਂ ਨਾ ਸਿਰਫ਼ ਇਸ ਡਰੈਸਿੰਗ ਰੂਮ ਨੂੰ ਹੀ ਨਹੀਂ ਸਗੋਂ ਅਗਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕੀਤਾ ਹੈ। ਇਹ ਤੁਹਾਡੀ ਵਿਰਾਸਤ ਹੈ ਅਤੇ ਤੁਹਾਡੇ ਇਸ ਜਜ਼ਬੇ ਲਈ ਪੂਰਾ ਦੇਸ਼ ਹਮੇਸ਼ਾ ਤੁਹਾਡੇ 'ਤੇ ਮਾਣ ਕਰੇਗਾ।" ਇਸ ਭਾਸ਼ਣ ਦੌਰਾਨ, ਰਿਸ਼ਭ ਪੰਤ ਗੰਭੀਰ ਨੂੰ ਬਹੁਤ ਚੁੱਪਚਾਪ ਸੁਣਦੇ ਰਹੇ। ਡ੍ਰੈਸਿੰਗ ਰੂਮ ਵਿੱਚ ਮੌਜੂਦ ਬਾਕੀ ਖਿਡਾਰੀ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਨਮਾਨ ਕਰ ਰਹੇ ਸਨ। 

ਚੌਥੇ ਟੈਸਟ ਦੇ ਪਹਿਲੇ ਦਿਨ ਬੱਲੇਬਾਜ਼ੀ ਕਰਨ ਵੇਲੇ ਕ੍ਰਿਸ ਵੋਕਸ ਦੀ ਗੇਂਦ 'ਤੇ ਰਿਵਰਸ ਸਵੀਪ ਖੇਡਣ ਵੇਲੇ ਪੰਤ ਦੇ ਸੱਜੇ ਪੈਰ ਵਿੱਚ ਸੱਟ ਲੱਗ ਗਈ। ਸੱਟ ਇੰਨੀ ਗੰਭੀਰ ਸੀ ਕਿ ਉਹ ਤੁਰ ਵੀ ਨਹੀਂ ਪਾ ਰਹੇ ਸਨ। ਉਨ੍ਹਾਂ ਨੂੰ ਗੋਲਫ-ਕਾਰਟ ਰਾਹੀਂ ਮੈਦਾਨ ਤੋਂ ਬਾਹਰ ਲਿਜਾਣਾ ਪਿਆ। ਸਕੈਨ ਰਿਪੋਰਟ ਵਿੱਚ ਉਨ੍ਹਾਂ ਦੀ ਲੱਤ ਵਿੱਚ ਫ੍ਰੈਕਚਰ ਆਇਆ, ਜਿਸ ਕਾਰਨ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਇਸ ਟੈਸਟ ਵਿੱਚ ਅੱਗੇ ਨਹੀਂ ਖੇਡ ਸਕਣਗੇ।

ਦੂਜੇ ਦਿਨ, ਜਦੋਂ ਟੀਮ ਨੂੰ ਉਨ੍ਹਾਂ ਦੀ ਲੋੜ ਸੀ, ਰਿਸ਼ਭ ਪੰਤ ਬੱਲੇਬਾਜ਼ੀ ਲਈ ਮੈਦਾਨ 'ਤੇ ਵਾਪਸ ਆਏ। ਮੈਨਚੈਸਟਰ ਦੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦਲੇਰਾਨਾ ਵਾਪਸੀ ਦੇ ਨਾਲ, ਪੰਤ ਨੇ 57 ਦੌੜਾਂ ਦਾ ਅਰਧ ਸੈਂਕੜਾ ਬਣਾਇਆ ਅਤੇ ਟੀਮ ਨੂੰ ਸੰਭਾਲਣ ਵਿੱਚ ਵੱਡੀ ਭੂਮਿਕਾ ਨਿਭਾਈ।

ਗੌਤਮ ਗੰਭੀਰ, ਜਿਨ੍ਹਾਂ ਨੇ ਹਮੇਸ਼ਾ ਇੱਕ ਖਿਡਾਰੀ ਅਤੇ ਹੁਣ ਇੱਕ ਕੋਚ ਵਜੋਂ ਟੀਮ ਵਰਕ ਨੂੰ ਤਰਜੀਹ ਦਿੱਤੀ, ਨੇ ਪੰਤ ਦੇ ਪ੍ਰਦਰਸ਼ਨ ਨੂੰ 'ਇੱਕ ਵਿਰਾਸਤ' ਦੱਸਿਆ। ਉਨ੍ਹਾਂ ਕਿਹਾ ਕਿ ਪੰਤ ਦੀ ਜੋਸ਼ੀਲੀ ਪਾਰੀ ਸਿਰਫ ਇਸ ਮੈਚ ਜਾਂ ਟੀਮ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਹ ਆਉਣ ਵਾਲੇ ਨੌਜਵਾਨ ਖਿਡਾਰੀਆਂ ਲਈ ਇੱਕ ਮਿਸਾਲ ਕਾਇਮ ਕਰੇਗੀ।