IND vs SA 2nd Test Match Preview: ਭਾਰਤੀ ਟੀਮ ਅੱਜ ਯਾਨੀਕਿ 3 ਜਨਵਰੀ ਤੋਂ ਇਸ ਸਾਲ ਦਾ ਪਹਿਲਾ ਮੈਚ ਖੇਡਣ ਲਈ ਮੈਦਾਨ ਉੱਤੇ ਉੱਤਰੇਗੀ। ਜਿਸ ਲਈ ਉਨ੍ਹਾਂ ਨੇ ਆਪਣੀ ਪ੍ਰੈਕਟਿਸ ਵੀ ਪੂਰੀ ਕਰ ਲਈ ਹੈ। ਟੀਮ ਇੰਡੀਆ ਅੱਜ ਕੇਪਟਾਊਨ 'ਚ ਦੱਖਣੀ ਅਫਰੀਕਾ ਨਾਲ ਭਿੜੇਗੀ। ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਇਸ ਦੂਜੇ ਮੈਚ 'ਚ ਜਿੱਤ ਦਰਜ ਕਰਨ ਲਈ ਰੋਹਿਤ ਐਂਡ ਕੰਪਨੀ 'ਤੇ ਭਾਰੀ ਦਬਾਅ ਹੋਵੇਗਾ।


ਟੀਮ ਇੰਡੀਆ ਇਸ ਸੀਰੀਜ਼ ਦਾ ਪਹਿਲਾ ਮੈਚ ਹਾਰ ਚੁੱਕੀ ਹੈ। ਇਸ ਨਾਲ ਦੱਖਣੀ ਅਫਰੀਕਾ ਦਾ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਦਾ ਸੁਫ਼ਨਾ ਵੀ ਚਕਨਾਚੂਰ ਹੋ ਗਿਆ ਹੈ। ਹੁਣ ਟੀਮ ਇੰਡੀਆ ਇਸ ਟੈਸਟ ਸੀਰੀਜ਼ ਨੂੰ ਡਰਾਅ ਕਰਨ ਦੇ ਉਦੇਸ਼ ਨਾਲ ਮੈਦਾਨ 'ਚ ਉਤਰੇਗੀ।


ਇਹ ਮੈਚ ਨਿਊਲੈਂਡਸ, ਕੇਪਟਾਊਨ ਵਿਖੇ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਇੱਥੇ ਰਿਕਾਰਡ ਬਹੁਤ ਖਰਾਬ ਰਿਹਾ ਹੈ। ਇੱਥੇ ਭਾਰਤੀ ਟੀਮ ਨੇ ਹੁਣ ਤੱਕ 6 ਟੈਸਟ ਮੈਚ ਖੇਡੇ ਹਨ, ਜਿਨ੍ਹਾਂ 'ਚੋਂ 4 ਹਾਰੇ ਹਨ ਅਤੇ 2 ਮੈਚ ਡਰਾਅ ਰਹੇ ਹਨ। ਭਾਵ ਕੇਪਟਾਊਨ 'ਚ ਅੱਜ ਤੱਕ ਕੋਈ ਟੈਸਟ ਮੈਚ ਨਹੀਂ ਜਿੱਤ ਸਕੀ ਹੈ। ਭਾਰਤੀ ਟੀਮ ਕੇਪਟਾਊਨ ਵਿੱਚ ਆਪਣੇ ਖ਼ਰਾਬ ਰਿਕਾਰਡ ਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰੇਗੀ।


ਜਾਣੋ ਪਿੱਚ ਦਾ ਮਿਜ਼ਾਜ ?


ਨਿਊਲੈਂਡਸ ਪਿੱਚ 'ਤੇ ਕਾਫੀ ਘਾਹ ਮੌਜੂਦ ਹੈ। ਆਮ ਤੌਰ 'ਤੇ ਇੱਥੇ ਘਾਹ ਘੱਟ ਹੀ ਦੇਖਣ ਨੂੰ ਮਿਲਦਾ ਹੈ। ਅਜਿਹੇ 'ਚ ਤੇਜ਼ ਗੇਂਦਬਾਜ਼ਾਂ ਨੂੰ ਚੰਗੀ ਮਦਦ ਮਿਲਣ ਦੀ ਉਮੀਦ ਹੈ। ਮੌਸਮ ਵੀ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ। ਅਸਲ 'ਚ ਮੈਚ ਦੌਰਾਨ ਹਲਕੀ ਹਵਾ ਚੱਲੇਗੀ, ਜਿਸ ਕਾਰਨ ਗੇਂਦ ਨੂੰ ਜ਼ਿਆਦਾ ਗਤੀ ਮਿਲੇਗੀ। ਮੈਚ ਦੀ ਸ਼ੁਰੂਆਤ 'ਚ ਯਕੀਨੀ ਤੌਰ 'ਤੇ ਤੇਜ਼ ਗੇਂਦਬਾਜ਼ ਹਾਵੀ ਹੋਣਗੇ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧੇਗਾ, ਸਪਿਨਰਾਂ ਦੀ ਭੂਮਿਕਾ ਵੀ ਅਹਿਮ ਹੋਵੇਗੀ।


ਜਾਣੋ ਕੀ ਕਹਿੰਦੀ ਮੌਸਮ ਦੀ ਰਿਪੋਰਟ?


ਪਿਛਲੇ ਮੈਚ ਵਾਂਗ ਇਸ ਵਾਰ ਵੀ ਮੀਂਹ ਕੋਈ ਰੁਕਾਵਟ ਨਹੀਂ ਬਣੇਗਾ। ਕੇਪਟਾਊਨ ਵਿੱਚ ਪੰਜ ਦਿਨਾਂ ਤੱਕ ਮੌਸਮ ਸਾਫ਼ ਰਹਿਣ ਵਾਲਾ ਹੈ। ਹਲਕੀ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ, ਬੱਦਲ ਵੀ ਹਲਕੇ ਰਹਿ ਸਕਦੇ ਹਨ ਪਰ ਇਸ ਨਾਲ ਮੈਚ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।


ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11?


ਟੀਮ ਇੰਡੀਆ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨ/ਮੁਕੇਸ਼ ਕੁਮਾਰ।


ਦੱਖਣੀ ਅਫ਼ਰੀਕਾ: ਡੀਨ ਐਲਗਰ (ਕਪਤਾਨ), ਏਡਨ ਮਾਰਕਰਮ, ਟੋਨੀ ਡੀਜਾਰਜ, ਕੀਗਨ ਪੀਟਰਸਨ, ਜ਼ੁਬੈਰ ਹਮਜ਼ਾ, ਡੇਵਿਡ ਬੇਡਿੰਘਮ, ਕਾਈਲ ਵੇਰੀਨੇ (ਡਬਲਯੂ.ਕੇ.), ਮਾਰਕੋ ਯਾਨਸਿਨ, ਕੇਸ਼ਵ ਮਹਾਰਾਜ/ਲੁੰਗੀ ਨਗੀਡੀ, ਕਾਗਿਸੋ ਰਬਾਦਾ, ਨੰਦਰੇ ਬਰਗਰ।


ਲਾਈਵ ਮੈਚ ਕਿੱਥੇ ਦੇਖਣਾ ਹੈ?
ਇਸ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾਵੇਗਾ। ਲਾਈਵ ਸਟ੍ਰੀਮਿੰਗ Disney + Hotstar 'ਤੇ ਉਪਲਬਧ ਹੋਵੇਗੀ।