IND vs SA Final: ਟੀ-20 ਵਿਸ਼ਵ ਕੱਪ 2024 ਦਾ ਉਤਸ਼ਾਹ ਪੂਰੀ ਦੁਨੀਆ ਵਿੱਚ ਹੈ। ਇਸ ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮਹਾਨ ਮੈਚ 29 ਜੂਨ ਨੂੰ ਰਾਤ 8 ਵਜੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਹਰ ਦੇਸ਼ ਵਾਸੀ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਲਈ ਅਰਦਾਸ ਕਰ ਰਿਹਾ ਹੈ।
ਭਾਰਤੀ ਟੀਮ ਦੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ ਨਾਲ ਲੋਕਾਂ ਨੂੰ ਜਿੱਤ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸਾਲ 2007 'ਚ ਭਾਰਤ ਨੇ ਇਹ ਖਿਤਾਬ ਜਿੱਤਿਆ ਸੀ। ਉਸ ਸਮੇਂ ਭਾਰਤੀ ਟੀਮ ਦੀ ਕਮਾਨ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿੱਚ ਸੀ ਅਤੇ ਇਸ ਸਾਲ ਰੋਹਿਤ ਸ਼ਰਮਾ 2024 ਵਿਸ਼ਵ ਕੱਪ ਵਿੱਚ ਕਪਤਾਨੀ ਕਰ ਰਹੇ ਹਨ।
ਟੀ-20 ਵਿਸ਼ਵ ਕੱਪ ਫਾਈਨਲ 2007
ਸਾਲ 2007 ਵਿੱਚ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਸੀ। ਇਸ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 157 ਦੌੜਾਂ ਬਣਾਈਆਂ। ਭਾਰਤ ਲਈ ਗੌਤਮ ਗੰਭੀਰ ਨੇ ਸਭ ਤੋਂ ਵੱਧ 75 ਦੌੜਾਂ ਬਣਾਈਆਂ। ਜਦਕਿ ਕਪਤਾਨ ਮਹਿੰਦਰ ਸਿੰਘ ਧੋਨੀ ਨੇ 10 ਗੇਂਦਾਂ 'ਚ 6 ਦੌੜਾਂ ਬਣਾਈਆਂ ਸਨ। ਰੋਹਿਤ ਸ਼ਰਮਾ ਵੀ ਇਸ ਟੀਮ ਦਾ ਹਿੱਸਾ ਸਨ। ਰੋਹਿਤ ਨੇ ਇਸ ਮੈਚ ਵਿੱਚ 16 ਗੇਂਦਾਂ ਵਿੱਚ ਨਾਬਾਦ 30 ਦੌੜਾਂ ਬਣਾਈਆਂ ਸਨ।
ਜ਼ਿਕਰ ਕਰ ਦਈਏ ਕਿ ਪਾਕਿਸਤਾਨੀ ਟੀਮ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਭਾਰਤ ਦੇ ਸਾਹਮਣੇ ਟਿਕ ਨਹੀਂ ਸਕੀ। ਪਾਕਿਸਤਾਨ ਦੀ ਟੀਮ 19.3 ਓਵਰਾਂ 'ਚ 152 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਭਾਰਤ ਨੇ ਇਸ ਮੈਚ ਨਾਲ ਵਿਸ਼ਵ ਕੱਪ ਫਾਈਨਲ ਵੀ ਜਿੱਤ ਲਿਆ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਇਹ ਪਹਿਲਾ ਆਈਸੀਸੀ ਟੂਰਨਾਮੈਂਟ ਜਿੱਤਿਆ।
ਕੀ ਇਤਿਹਾਸ ਦੁਹਰਾਏਗਾ ਰੋਹਿਤ ਸ਼ਰਮਾ?
ਹੁਣ ਸਭ ਦੀਆਂ ਨਜ਼ਰਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ 'ਤੇ ਹਨ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ 'ਚ ਵੀ ਪਹੁੰਚੀ ਸੀ। ਪਰ ਭਾਰਤੀ ਟੀਮ ਨੂੰ ਆਸਟ੍ਰੇਲੀਆ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਹੁਣ ਰੋਹਿਤ ਸ਼ਰਮਾ ਦੇ ਨਾਲ ਪੂਰੀ ਟੀਮ 2007 ਦੇ ਇਤਿਹਾਸ ਨੂੰ ਇੱਕ ਵਾਰ ਫਿਰ ਦੁਹਰਾਉਣਾ ਚਾਹੇਗੀ ਅਤੇ ਟੀ-20 ਵਿਸ਼ਵ ਕੱਪ ਦੀ ਟਰਾਫੀ ਭਾਰਤ ਲਿਆਉਣਾ ਚਾਹੇਗੀ।