IND vs WI 3rd ODI Shai Hope: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਫੈਸਲਾਕੁੰਨ ਮੈਚ ਮੰਗਲਵਾਰ, 1 ਅਗਸਤ ਨੂੰ ਤ੍ਰਿਨੀਦਾਦ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਬਾਰਬਾਡੋਸ 'ਚ ਖੇਡੇ ਗਏ ਦੂਜੇ ਵਨਡੇ 'ਚ ਜਿੱਤ ਹਾਸਲ ਕਰਦਿਆਂ ਵੈਸਟਇੰਡੀਜ਼ ਨੇ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕਰ ਲਈ ਸੀ। ਇਸ ਦੇ ਨਾਲ ਹੀ ਤੀਜੇ ਮੈਚ ਤੋਂ ਪਹਿਲਾਂ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਦਾ ਇੱਕ ਖਾਸ ਅੰਕੜਾ ਭਾਰਤ ਦੀ ਚਿੰਤਾ ਵਧਾ ਰਿਹਾ ਹੈ।
ਕੀ ਹਾਰੇਗਾ ਭਾਰਤੀ ਤੀਜਾ ਵਨਡੇ?
ਵਿੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਆਪਣੇ ਕਰੀਅਰ ਵਿੱਚ ਭਾਰਤ ਦੇ ਖਿਲਾਫ ਸਭ ਤੋਂ ਵੱਧ 50+ ਸਕੋਰ ਬਣਾਏ ਹਨ। ਉਸ ਨੇ ਹੁਣ ਤੱਕ ਕੁੱਲ 8 ਵਾਰ ਭਾਰਤ ਖਿਲਾਫ ਖੇਡਦੇ ਹੋਏ 50+ ਸਕੋਰ ਬਣਾਏ ਹਨ। ਇਸ ਤੋਂ ਬਾਅਦ ਬੰਗਲਾਦੇਸ਼ ਖਿਲਾਫ 7 ਵਾਰ ਤੇ ਸ਼੍ਰੀਲੰਕਾ ਖਿਲਾਫ 6 ਵਾਰ ਇਹ ਸਕੋਰ ਬਣਾਇਆ ਹੈ। ਭਾਰਤ ਖਿਲਾਫ ਸ਼ਾਈ ਹੋਪ ਦਾ ਇਹ ਅੰਕੜਾ ਸੱਚਮੁੱਚ ਚਿੰਤਾਜਨਕ ਹੈ। ਇਸ ਤੋਂ ਇਲਾਵਾ ਸ਼ਾਈ ਹੋਪ ਨੇ ਹੁਣ ਤੱਕ ਭਾਰਤ ਖਿਲਾਫ 49.15 ਦੀ ਔਸਤ ਨਾਲ 983 ਦੌੜਾਂ ਬਣਾਈਆਂ ਹਨ। ਵਿੰਡੀਜ਼ ਦੇ ਕਪਤਾਨ ਨੇ ਭਾਰਤ ਖਿਲਾਫ ਵਨਡੇ ਮੈਚਾਂ 'ਚ 5 ਸੈਂਕੜੇ ਤੇ 3 ਅਰਧ ਸੈਂਕੜੇ ਲਾਏ ਹਨ।
ਬਾਰਬਾਡੋਸ ਦੇ ਦੂਜੇ ਵਨਡੇ 'ਚ ਵੀ ਸ਼ਾਈ ਹੋਪ ਨੇ ਟੀਮ ਲਈ ਸਭ ਤੋਂ ਵੱਡੀ ਪਾਰੀ ਖੇਡੀ ਤੇ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਕੈਰੇਬੀਆਈ ਕਪਤਾਨ ਨੇ 80 ਗੇਂਦਾਂ 'ਤੇ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 63 ਦੌੜਾਂ ਬਣਾਈਆਂ। ਅਜਿਹੇ 'ਚ ਉਹ ਇਕ ਵਾਰ ਫਿਰ ਸੀਰੀਜ਼ ਦੇ ਫੈਸਲੇ 'ਚ ਭਾਰਤ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ।
ਸ਼ਾਈ ਹੋਪ ਨੇ ਹੁਣ ਤੱਕ 117 ਵਨਡੇ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 112 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 50.36 ਦੀ ਔਸਤ ਨਾਲ 4935 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 15 ਸੈਂਕੜੇ ਤੇ 24 ਅਰਧ ਸੈਂਕੜੇ ਨਿਕਲੇ ਹਨ, ਜਿਸ ਵਿੱਚ ਉਸ ਦਾ ਉੱਚ ਸਕੋਰ 170 ਦੌੜਾਂ ਰਿਹਾ ਹੈ।
ਦੱਸ ਦੇਈਏ ਕਿ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਵਨਡੇ ਬਾਰਬਾਡੋਸ ਵਿੱਚ ਖੇਡਿਆ ਗਿਆ ਸੀ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 40.5 ਓਵਰਾਂ 'ਚ 181 ਦੌੜਾਂ 'ਤੇ ਆਲ ਆਊਟ ਹੋ ਗਈ। ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਨੇ 36.4 ਓਵਰਾਂ 'ਚ 4 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ। ਮੈਚ 'ਚ ਵਿੰਡੀਜ਼ ਦੇ ਕਪਤਾਨ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ 'ਪਲੇਅਰ ਆਫ ਦਾ ਮੈਚ' ਦਾ ਖਿਤਾਬ ਦਿੱਤਾ ਗਿਆ।