India Women vs England Women: ਭਾਰਤੀ ਮਹਿਲਾ ਕ੍ਰਿਕਟ ਟੀਮ  (Indian Women's Cricket Team ) ਨੇ ਇੰਗਲੈਂਡ ਖਿਲਾਫ਼ ਵਨਡੇ ਸੀਰੀਜ਼ ਜਿੱਤ ਲਈ ਹੈ। ਬੁੱਧਵਾਰ ਰਾਤ ਕੈਂਟਬਰੀ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤੀ ਟੀਮ ਨੇ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ। 1999 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਉਸੇ ਧਰਤੀ 'ਤੇ ਵਨਡੇ ਸੀਰੀਜ਼ 'ਚ ਹਰਾਇਆ ਹੈ।


ਹਰਮਨਪ੍ਰੀਤ ਦੀ ਕਪਤਾਨੀ ਵਾਲੀ ਪਾਰੀ


ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਹਰਮਨਪ੍ਰੀਤ ਕੌਰ ਦੇ ਯਾਦਗਾਰ ਸੈਂਕੜੇ (143) ਦੀ ਬਦੌਲਤ 333 ਦੌੜਾਂ ਦਾ ਵੱਡਾ ਸਕੋਰ ਬਣਾਇਆ। ਹਰਮਨਪ੍ਰੀਤ ਨੇ ਇਹ ਤੇਜ਼ ਪਾਰੀ ਸਿਰਫ 111 ਗੇਂਦਾਂ 'ਚ ਖੇਡੀ। ਉਹ ਆਖਰੀ ਦਮ ਤੱਕ ਅਜੇਤੂ ਰਹੀ। ਉਸ ਦੇ ਨਾਲ ਹਰਲੀਨ ਦਿਓਲ (58) ਅਤੇ ਸਮ੍ਰਿਤੀ ਮੰਧਾਨਾ (40) ਨੇ ਵੀ ਅਹਿਮ ਪਾਰੀਆਂ ਖੇਡੀਆਂ। ਇੰਗਲੈਂਡ ਦੇ ਪੰਜ ਪ੍ਰਮੁੱਖ ਗੇਂਦਬਾਜ਼ਾਂ ਨੂੰ 1-1 ਵਿਕਟ ਮਿਲੀ।


ਰੇਣੁਕਾ ਨੇ ਬਿਖੇਰ ਦਿੱਤਾ Top Order


334 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਟੈਮੀ (6) ਦੂਜੇ ਓਵਰ 'ਚ ਰਨ ਆਊਟ ਹੋ ਗਏ ਅਤੇ ਇਸ ਤੋਂ ਬਾਅਦ ਰੇਣੁਕਾ ਨੇ ਅਗਲੇ ਦੋ ਇੰਗਲਿਸ਼ ਬੱਲੇਬਾਜ਼ਾਂ ਨੂੰ ਤੇਜ਼ੀ ਨਾਲ ਪੈਵੇਲੀਅਨ ਭੇਜ ਦਿੱਤਾ। ਇੰਗਲੈਂਡ ਨੇ 47 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ ਐਲਿਸ (39), ਦਾਨੀ ਯੈਟ (65) ਅਤੇ ਐਮੀ ਜੋਨਸ (39) ਨੇ ਕੁਝ ਦੇਰ ਤੱਕ ਸੰਘਰਸ਼ ਕੀਤਾ ਪਰ ਇਹ ਨਾਕਾਫੀ ਰਿਹਾ। ਪੂਰੀ ਇੰਗਲਿਸ਼ ਟੀਮ 44.2 ਓਵਰਾਂ 'ਚ 245 ਦੌੜਾਂ 'ਤੇ ਸਿਮਟ ਗਈ। ਰੇਣੁਕਾ ਨੇ 57 ਦੌੜਾਂ ਦੇ ਕੇ 4 ਵਿਕਟਾਂ ਲਈਆਂ।


ਪਹਿਲੇ ਮੈਚ ਵਿੱਚ ਵੀ ਇੱਕ ਤਰਫਾ ਮਿਲੀ ਜਿੱਤ


ਭਾਰਤੀ ਟੀਮ ਨੇ ਇਸ ਸੀਰੀਜ਼ ਦੇ ਪਹਿਲੇ ਮੈਚ 'ਚ ਵੀ ਇਕਤਰਫਾ ਜਿੱਤ ਦਰਜ ਕੀਤੀ ਸੀ। ਭਾਰਤੀ ਗੇਂਦਬਾਜ਼ਾਂ ਨੇ ਉਸ ਵਨਡੇ ਵਿੱਚ ਇੰਗਲੈਂਡ ਨੂੰ ਸਿਰਫ਼ 227/7 ਤੱਕ ਹੀ ਰੋਕ ਦਿੱਤਾ। ਬਾਅਦ ਵਿੱਚ ਬੱਲੇਬਾਜ਼ਾਂ ਨੇ 45ਵੇਂ ਓਵਰ ਵਿੱਚ ਸਿਰਫ਼ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।