ਇੰਗਲੈਂਡ ਦੌਰੇ 'ਤੇ ਨਹੀਂ ਜਾਣਗੇ ਸ਼੍ਰੇਅਸ ਅਈਅਰ? ਸਾਹਮਣੇ ਆਇਆ ਵੱਡਾ ਅਪਡੇਟ
IND vs ENG 2025: ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ 20 ਜੂਨ ਤੋਂ ਸ਼ੁਰੂ ਹੋਵੇਗੀ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ, ਟੀਮ ਨੂੰ ਲੈ ਕੇ ਇੱਕ ਵੱਡਾ ਅਪਡੇਟ ਆਇਆ ਹੈ।

India Squad for England Series 2025: ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ (India Tour of England 2025) 20 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪੰਜ ਟੈਸਟ ਮੈਚਾਂ ਦੀ ਸੀਰੀਜ਼ ਨੂੰ ਲਗਭਗ ਇੱਕ ਮਹੀਨਾ ਪਿਆ ਹੈ, ਪਰ ਇਸ ਵੇਲੇ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਟੀਮ ਇੰਡੀਆ ਵਿੱਚ ਕਿਹੜੇ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਜਾਵੇਗੀ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਟੈਸਟ ਤੋਂ ਸੰਨਿਆਸ ਕਾਰਨ, ਓਪਨਿੰਗ ਅਤੇ ਨੰਬਰ-4 ਬੱਲੇਬਾਜ਼ ਦੇ ਅਹੁਦੇ ਖਾਲੀ ਹੋ ਗਏ ਹਨ। ਹੁਣ ਸ਼੍ਰੇਅਸ ਅਈਅਰ ਬਾਰੇ ਇੱਕ ਮੀਡੀਆ ਰਿਪੋਰਟ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ।
ਦ ਟੈਲੀਗ੍ਰਾਫ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਬਹੁਤ ਘੱਟ ਸੰਭਾਵਨਾਵਾਂ ਹਨ ਕਿ ਬੀਸੀਸੀਆਈ ਸ਼੍ਰੇਅਸ ਅਈਅਰ ਨੂੰ ਇੰਗਲੈਂਡ ਦੌਰੇ 'ਤੇ ਲੈਕੇ ਜਾਵੇਗੀ। ਟੈਲੀਗ੍ਰਾਫ ਦੇ ਅਨੁਸਾਰ, ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਘਰੇਲੂ ਸੀਰੀਜ਼ ਖੇਡ ਰਹੀ ਹੁੰਦੀ, ਤਾਂ ਅਈਅਰ ਨੂੰ ਟੀਮ ਵਿੱਚ ਜਗ੍ਹਾ ਮਿਲਦੀ, ਪਰ ਵਿਦੇਸ਼ੀ ਦੌਰੇ 'ਤੇ, ਹੋ ਸਕਦਾ ਹੈ ਕਿ ਉਸਨੂੰ ਟੀਮ ਇੰਡੀਆ ਵਿੱਚ ਜਗ੍ਹਾ ਨਾ ਮਿਲੇ।
ਸੂਤਰ ਮੁਤਾਬਕ ਬੀਸੀਸੀਆਈ ਦਾ ਇਹ ਮੰਨਣਾ ਹੈ ਕਿ ਸ਼੍ਰੇਅਸ ਅਈਅਰ ਨੂੰ ਅਜੇ ਵੀ ਆਪਣੇ ਰੈੱਡ ਬਾਲ ਦੀ ਖੇਡ 'ਤੇ ਥੋੜ੍ਹਾ ਹੋਰ ਕੰਮ ਕਰਨ ਦੀ ਲੋੜ ਹੈ। ਅਈਅਰ ਵ੍ਹਾਈਟ ਬਾਲ ਦੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਉਹ ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਸਨ।
ਇਹ ਵੀ ਕਿਹਾ ਗਿਆ ਸੀ ਕਿ ਸ਼ਾਰਟ ਗੇਂਦ ਹੀ ਇਕੱਲੀ ਸਮੱਸਿਆ ਨਹੀਂ ਹੈ ਪਰ ਇੰਗਲੈਂਡ ਵਿੱਚ ਗੇਂਦ ਵਿੱਚ ਸਵਿੰਗ ਅਤੇ ਮੂਵਮੈਂਟ ਵੀ ਹੋਵੇਗੀ, ਇਸ ਲਈ ਗੇਂਦ ਨੂੰ ਖਾਲੀ ਛੱਡਣ ਦੀ ਕਲਾ ਆਉਣਾ ਜ਼ਰੂਰੀ ਹੈ। ਸੂਤਰ ਨੇ ਕਿਹਾ ਕਿ ਇਹ ਪਤਾ ਹੋਣਾ ਚਾਹੀਦਾ ਹੈ ਕਿ ਇੰਗਲੈਂਡ ਵਿੱਚ ਗੇਂਦ ਕਿਵੇਂ ਛੱਡਣੀ ਹੈ।
ਇਸੇ ਰਿਪੋਰਟ ਦੇ ਅਨੁਸਾਰ, ਇੱਕ ਹੋਰ ਬੀਸੀਸੀਆਈ ਅਧਿਕਾਰੀ ਨੇ ਕਿਹਾ, "ਸ਼੍ਰੇਅਸ ਅਈਅਰ ਕੁਦਰਤੀ ਤੌਰ 'ਤੇ ਹਮਲਾਵਰ ਕ੍ਰਿਕਟ ਖੇਡਦੇ ਹਨ ਅਤੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਉਨ੍ਹਾਂ ਲਈ ਗੇਂਦ ਨੂੰ ਹਿੱਟ ਕਰਨ ਜਾਂ ਨਾ ਹਿੱਟ ਕਰਨ ਦਾ ਫੈਸਲਾ ਕਰਨਾ ਮੁਸ਼ਕਲ ਹੋ ਸਕਦਾ ਹੈ।" ਸ਼੍ਰੇਅਸ ਨੂੰ ਟੀਮ ਵਿੱਚ ਜਗ੍ਹਾ ਨਾ ਮਿਲਣ ਦਾ ਇਹ ਇੱਕ ਵੱਡਾ ਕਾਰਨ ਹੋ ਸਕਦਾ ਹੈ।




















