Womens World Cup INDW vs AUSW Australia Women team beat India by 6 wickets key highlights


Women's World Cup: ਭਾਰਤੀ ਟੀਮ ਨੂੰ ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ਨੀਵਾਰ ਦੇ ਮੈਚ ਵਿੱਚ ਆਸਟ੍ਰੇਲੀਆ ਦੀ ਟੀਮ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਰੋਮਾਂਚਕ ਮੈਚ 'ਚ ਆਸਟ੍ਰੇਲੀਆ ਨੂੰ ਆਖਰੀ ਓਵਰ '8 ਦੌੜਾਂ ਦੀ ਲੋੜ ਸੀ ਪਰ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ 3 ਗੇਂਦਾਂ 'ਚ ਲੋੜੀਂਦੀਆਂ ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਵਿਸ਼ਵ ਕੱਪ ਵਿੱਚ ਆਸਟਰੇਲੀਆ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਇਹ ਵਿਸ਼ਵ ਕੱਪ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਪਿੱਛਾ ਵੀ ਹੈ। ਦੱਸ ਦੇਈਏ ਕਿ ਇਸ ਹਾਰ ਦੇ ਨਾਲ ਹੀ ਭਾਰਤੀ ਟੀਮ ਦਾ ਸੈਮੀਫਾਈਨਲ 'ਚ ਜਾਣ ਦਾ ਰਾਹ ਵੀ ਮੁਸ਼ਕਿਲ ਹੋ ਗਿਆ ਹੈ।


ਆਸਟਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਕੀਤਾ ਗੇਂਦਬਾਜ਼ੀ ਕਰਨ ਦਾ ਫੈਸਲਾ


ਮੈਚ 'ਚ ਆਸਟ੍ਰੇਲੀਆਈ ਟੀਮ ਨੇ ਟੌਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਆਸਟ੍ਰੇਲੀਆਈ ਕਪਤਾਨ ਦਾ ਇਹ ਫੈਸਲਾ ਸਹੀ ਸਾਬਤ ਹੋਇਆ ਅਤੇ ਭਾਰਤੀ ਟੀਮ ਨੇ ਪਹਿਲੇ 6 ਓਵਰਾਂ '28 ਦੌੜਾਂ ਦੇ ਅੰਦਰ ਹੀ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਸਮ੍ਰਿਤੀ ਮੰਧਾਨਾ (10) ਅਤੇ ਸ਼ੈਫਾਲੀ ਵਰਮਾ (12) ਜਲਦੀ ਹੀ ਆਊਟ ਹੋ ਗਈਆਂ। ਇੱਥੋਂ ਕਪਤਾਨ ਮਿਤਾਲੀ ਰਾਜ (68) ਅਤੇ ਯਸਤਿਕਾ ਭਾਟੀਆ (59) ਨੇ 130 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਟੀਮ ਨੂੰ ਵਾਪਸੀ ਦਿਵਾਈ।


ਇਨ੍ਹਾਂ ਦੋਵਾਂ ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ ਹਰਮਨਪ੍ਰੀਤ ਨੇ ਮੋਰਚਾ ਸੰਭਾਲਿਆ ਅਤੇ 47 ਗੇਂਦਾਂ 'ਤੇ ਨਾਬਾਦ 57 ਦੌੜਾਂ ਬਣਾਈਆਂ। ਦੂਜੇ ਸਿਰੇ ਤੋਂ ਰਿਚਾ ਘੋਸ਼ (8) ਅਤੇ ਸਨੇਹ ਰਾਣਾ (0) ਸਸਤੇ ਵਿੱਚ ਪੈਵੇਲੀਅਨ ਪਰਤ ਗਏ। ਹਾਲਾਂਕਿ 9ਵੇਂ ਕ੍ਰਮ 'ਤੇ ਬੱਲੇਬਾਜ਼ੀ ਕਰਨ ਆਈ ਪੂਜਾ ਵਸਤਰਕਾਰ ਨੇ ਰਨ ਆਊਟ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਦਾ ਚੰਗਾ ਸਾਥ ਦਿੱਤਾ। ਉਸ ਨੇ 28 ਗੇਂਦਾਂ 'ਤੇ 34 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤਰ੍ਹਾਂ ਭਾਰਤੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 277 ਦੌੜਾਂ ਦਾ ਚੰਗਾ ਸਕੋਰ ਬਣਾਇਆ।


ਆਸਟ੍ਰੇਲੀਆ ਨੇ ਟੀਚੇ ਦਾ ਪਿੱਛਾ ਬਹੁਤ ਮਜ਼ਬੂਤੀ ਨਾਲ ਕੀਤਾ


ਆਸਟ੍ਰੇਲੀਆ ਨੇ 278 ਦੌੜਾਂ ਦੇ ਟੀਚੇ ਦਾ ਪਿੱਛਾ ਬੜੀ ਸ਼ਿੱਦਤ ਅਤੇ ਤਾਕਤ ਨਾਲ ਕੀਤਾ। ਟੀਮ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 121 ਦੌੜਾਂ ਦੀ ਸਾਂਝੇਦਾਰੀ ਕੀਤੀ। ਸਲਾਮੀ ਬੱਲੇਬਾਜ਼ ਰੇਚਲ ਹਾਇਨਸ (43) ਅਤੇ ਐਲਿਸਾ ਹੀਲੀ (72) ਦੀਆਂ ਜ਼ਬਰਦਸਤ ਪਾਰੀਆਂ ਤੋਂ ਬਾਅਦ ਕਪਤਾਨ ਮੇਗ ਲੈਨਿੰਗ (97) ਅਤੇ ਐਲਿਸ ਪੇਰੀ (28) ਨੇ ਵੀ ਤੀਜੇ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਕੀਤੀ।


ਹਾਲਾਂਕਿ ਇਨ੍ਹਾਂ ਚਾਰਾਂ ਦੀਆਂ ਵਿਕਟਾਂ ਤੋਂ ਬਾਅਦ ਆਸਟਰੇਲੀਆਈ ਟੀਮ ਮੁਸ਼ਕਿਲਾਂ 'ਚ ਆ ਗਈ ਸੀ ਪਰ ਬੇਥ ਮੂਨੀ ਨੇ 20 ਗੇਂਦਾਂ 'ਤੇ 30 ਦੌੜਾਂ ਬਣਾ ਕੇ ਜਿੱਤ ਆਸਟਰੇਲੀਆ ਦੀ ਝੋਲੀ 'ਚ ਪਾ ਦਿੱਤੀ। ਆਸਟਰੇਲੀਆ ਨੇ 3 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤ ਵੱਲੋਂ ਪੂਜਾ ਵਸਤਰਕਾਰ ਨੇ 2 ਅਤੇ ਮੇਘਨਾ ਸਿੰਘ ਅਤੇ ਸਨੇਹ ਰਾਣਾ ਨੇ 1-1 ਵਿਕਟ ਲਈ।


ਭਾਰਤ ਦਾ ਸੈਮੀਫਾਈਨਲ 'ਚ ਪਹੁੰਚਣ ਦਾ ਰਾਹ ਮੁਸ਼ਕਿਲ ਸੀ


ਇਸ ਹਾਰ ਤੋਂ ਬਾਅਦ ਭਾਰਤੀ ਟੀਮ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਹੁਣ ਭਾਰਤ ਨੂੰ ਆਪਣੇ ਆਖਰੀ ਦੋਵੇਂ ਮੈਚ ਜਿੱਤਣੇ ਹੋਣਗੇ, ਇਸ ਦੇ ਨਾਲ ਹੀ ਉਸ ਨੂੰ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਵੀ ਨਿਰਭਰ ਰਹਿਣਾ ਹੋਵੇਗਾ। ਭਾਰਤੀ ਟੀਮ ਦੇ ਆਖਰੀ ਮੈਚ ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ ਦੇ ਖਿਲਾਫ ਹੈ।


ਦੋਵੇਂ ਟੀਮਾਂ:


ਭਾਰਤੀ ਮਹਿਲਾ ਟੀਮ: ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਯਸਤਿਕਾ ਭਾਟੀਆ, ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ, ਸਨੇਹ ਰਾਣਾ, ਰਿਚਾ ਘੋਸ਼ (ਵਿਕੇਟ ਕੀਪਰ), ਪੂਜਾ ਵਸਤਰਕਾਰ, ਝੂਲਨ ਗੋਸਵਾਮੀ, ਮੇਘਨਾ ਸਿੰਘ, ਰਾਜੇਸ਼ਵਰੀ ਗਾਇਕਵਾੜ।


ਆਸਟ੍ਰੇਲੀਆਈ ਮਹਿਲਾ ਟੀਮ: ਐਲੀਸਾ ਹੀਲੀ (ਵਿਕੇਟ ਕੀਪਰ), ਰੇਚਲ ਹੇਨਸ, ਮੇਗ ਲੈਨਿੰਗ (ਕਪਤਾਨ), ਐਲੀਸ ਪੇਰੀ, ਬੈਥ ਮੂਨੀ, ਤਾਹਲੀਆ ਮੈਕਗ੍ਰਾ, ਐਸ਼ਲੇ ਗਾਰਡਨਰ, ਜੇਸ ਜੋਨਾਸਨ, ਅਲਾਨਾ ਕਿੰਗ, ਮੇਗਨ ਸ਼ੂਟ, ਡਾਰਸੀ ਬ੍ਰਾਊਨ।


ਇਹ ਵੀ ਪੜ੍ਹੋ: ਆਪਣੀ ਸਰਹੱਦ 'ਚ ਰੂਸੀਆਂ ਨੂੰ ਐਂਟਰੀ ਨਹੀਂ ਦੇ ਰਿਹਾ ਅਮਰੀਕਾ, ਸਿਰਫ ਯੂਕਰੇਨੀ ਨਾਗਰਿਕਾਂ ਨੂੰ ਦਿੱਤੀ ਗਈ ਇਜਾਜ਼ਤ