Shikhar Dhawan Shares a Emotional Post : ਟੀਮ ਇੰਡੀਆ ਨੇ ਸ਼੍ਰੀਲੰਕਾ ਖਿਲਾਫ਼ ਟੀ-20 ਮੈਚ ਅਤੇ ਵਨਡੇ ਸੀਰੀਜ਼ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਨਾਲ ਹੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਅਤੇ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਅਹਿਮ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਨੂੰ 3 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਸ਼੍ਰੀਲੰਕਾ ਸੀਰੀਜ਼ ਲਈ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ ਨੂੰ ਵਨਡੇ ਸੀਰੀਜ਼ ਲਈ ਟੀਮ 'ਚ ਨਹੀਂ ਚੁਣਿਆ ਗਿਆ ਸੀ। ਸ਼ਿਖਰ ਨੇ ਬੰਗਲਾਦੇਸ਼ ਦੇ ਖਿਲਾਫ ਹਾਲੀਆ ਵਨਡੇ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ। ਵਨਡੇ ਟੀਮ ਤੋਂ ਬਾਹਰ ਹੋਣ ਤੋਂ ਬਾਅਦ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਇੱਕ ਪੋਸਟ ਕੀਤੀ ਹੈ।
ਸ਼ਿਖਰ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਤਸਵੀਰ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਇਹ ਜਿੱਤ ਜਾਂ ਹਾਰ ਦਾ ਮਾਮਲਾ ਨਹੀਂ ਹੈ। ਇਹ ਦਿਲ ਦਾ ਹੈ। ਕੰਮ ਕਰੋ ਤੇ ਬਾਕੀ ਰੱਬ ਤੇ ਛੱਡੋ।
ਦੱਸਣਯੋਗ ਹੈ ਕਿ ਬੰਗਲਾਦੇਸ਼ ਦੇ ਖਿਲਾਫ਼ ਸ਼ਿਖਰ ਧਵਨ ਪਹਿਲੇ ਵਨਡੇ 'ਚ 7 ਦੌੜਾਂ, ਦੂਜੇ 'ਚ 8 ਅਤੇ ਤੀਜੇ 'ਚ 3 ਦੌੜਾਂ ਹੀ ਬਣਾਏ ਸਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਖਿਲਾਫ ਪਹਿਲੇ ਵਨਡੇ 'ਚ ਉਨ੍ਹਾਂ ਨੇ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਧਵਨ ਪਹਿਲਾਂ ਹੀ ਟੀ-20 ਅਤੇ ਟੈਸਟ ਟੀਮ ਤੋਂ ਬਾਹਰ ਹਨ। ਇਸ ਸੀਰੀਜ਼ 'ਚ ਨਾ ਚੁਣੇ ਜਾਣ ਤੋਂ ਬਾਅਦ ਉਸ ਦਾ ਅੰਤਰਰਾਸ਼ਟਰੀ ਕਰੀਅਰ 'ਤੇ ਪੂਰਾ ਵਿਰਾਮ ਆ ਗਿਆ ਜਾਪਦਾ ਹੈ।
ਦੱਸ ਦਈਏ ਕਿ ਇਸ ਸਾਲ ਭਾਰਤ ਲਈ ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਸ਼ਿਖਰ ਧਵਨ ਦੂਜੇ ਨੰਬਰ 'ਤੇ ਹੈ। ਉਸ ਨੇ ਸਾਲ 2022 'ਚ 22 ਮੈਚਾਂ 'ਚ 688 ਦੌੜਾਂ ਬਣਾਈਆਂ ਹਨ। ਇੰਨੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਸ਼ਿਖਰ ਧਵਨ ਨੂੰ ਵਨਡੇ ਟੀਮ ਤੋਂ ਬਾਹਰ ਰੱਖਿਆ ਗਿਆ।
ਸ਼੍ਰੀਲੰਕਾ ਦੇ ਖਿਲਾਫ਼ ਭਾਰਤ ਦੀ ਵਨਡੇ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ ਕਪਤਾਨ), ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ , ਕੁਲਦੀਪ ਯਾਦਵ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ, ਅਰਸ਼ਦੀਪ ਸਿੰਘ।