IPL 2024: ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਆਈਪੀਐਲ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਪਰ ਆਈਪੀਐਲ ਵਿੱਚ ਵੀ ਵਿਸ਼ਵ ਕੱਪ ਦਾ ਅਸਰ ਦੇਖਣ ਦੀ ਪੂਰੀ ਸੰਭਾਵਨਾ ਹੈ। ਦਰਅਸਲ, IPL ਦੇ ਅਗਲੇ ਸੀਜ਼ਨ ਯਾਨੀ IPL 2024 ਲਈ ਨਿਲਾਮੀ 19 ਦਸੰਬਰ ਨੂੰ ਦੁਬਈ ਵਿੱਚ ਆਯੋਜਿਤ ਕੀਤੀ ਜਾਵੇਗੀ। ਇਸ ਨਿਲਾਮੀ 'ਚ ਸਭ ਤੋਂ ਵੱਡੀ ਬੋਲੀ ਉਨ੍ਹਾਂ ਖਿਡਾਰੀਆਂ 'ਤੇ ਲਗਾਈ ਜਾ ਸਕਦੀ ਹੈ, ਜਿਨ੍ਹਾਂ ਨੇ ਇਸ ਵਨਡੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿੱਚ ਇੱਕ ਨੌਜਵਾਨ ਖਿਡਾਰੀ ਹੈ ਜੋ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਸਕਦਾ ਹੈ।


IPL ਦਾ ਸਭ ਤੋਂ ਮਹਿੰਗਾ ਖਿਡਾਰੀ ਕੌਣ ?


ਆਈਪੀਐਲ ਵਿੱਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਿਡਾਰੀ ਇੰਗਲੈਂਡ ਦੇ ਹਰਫ਼ਨਮੌਲਾ ਸੈਮ ਕੁਰਾਨ (Sam Curran) ਰਿਹਾ ਹੈ, ਜਿਸ ਨੂੰ ਪੰਜਾਬ ਕਿੰਗਜ਼ ਨੇ ਆਈਪੀਐਲ 2023 ਵਿੱਚ 18.50 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦਿਆ ਸੀ। ਇੰਗਲੈਂਡ ਦੇ ਇਸ ਨੌਜਵਾਨ ਖਿਡਾਰੀ ਨੇ 2022 ਦੇ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਇਸ ਲਈ ਪੰਜਾਬ ਕਿੰਗਜ਼ ਨੇ ਉਸ ਨੂੰ ਵੱਡੀ ਬੋਲੀ ਲਗਾ ਕੇ ਖਰੀਦਿਆ ਸੀ। ਹਾਲਾਂਕਿ ਸੈਮ ਕੁਰਾਨ ਇਸ ਆਈਪੀਐਲ ਸੀਜ਼ਨ ਵਿੱਚ ਜ਼ਿਆਦਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਹੁਣ ਅਗਲੇ  ਆਈਪੀਐਲ ਸੀਜ਼ਨ ਦੇ ਲਈ ਨਿਲਾਮੀ ਵਿੱਚ ਨਿਊਜ਼ੀਲੈਂਡ ਦੇ ਨੌਜਵਾਨ ਖਿਡਾਰੀ ਰਚਿਨ ਰਵਿੰਦਰ ਸੈਮ ਕੁਰਾਨ ਦੇ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਸਕਦੇ ਹਨ।


23 ਸਾਲ ਦੇ ਨੌਜਵਾਨ ਖਿਡਾਰੀ ਨੇ ਸਭ ਨੂੰ ਪ੍ਰਭਾਵਿਤ ਕੀਤਾ


ਨਿਊਜ਼ੀਲੈਂਡ ਦੇ ਸਿਰਫ 23 ਸਾਲ ਦੇ ਖਿਡਾਰੀ ਨੇ ਵਿਸ਼ਵ ਕੱਪ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਰਚਿਨ ਰਵਿੰਦਰ ਆਪਣੇ ਪਹਿਲੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਉਸ ਨੇ ਸਿਰਫ਼ 10 ਮੈਚਾਂ ਵਿੱਚ 64.22 ਦੀ ਔਸਤ ਅਤੇ 106.44 ਦੀ ਸਟ੍ਰਾਈਕ ਰੇਟ ਨਾਲ ਕੁੱਲ 578 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 3 ਸੈਂਕੜੇ ਅਤੇ 2 ਅਰਧ ਸੈਂਕੜੇ ਵੀ ਲਗਾਏ ਹਨ। ਰਚਿਨ ਇਕ ਆਲਰਾਊਂਡਰ ਹੈ ਜੋ ਬੱਲੇਬਾਜ਼ੀ ਦੇ ਨਾਲ-ਨਾਲ ਸਪਿਨ ਗੇਂਦਬਾਜ਼ੀ ਵੀ ਕਰਦਾ ਹੈ। ਰਚਿਨ ਨੇ ਵਿਸ਼ਵ ਕੱਪ 'ਚ 5.98 ਦੀ ਇਕਾਨਮੀ ਰੇਟ ਨਾਲ 9 ਵਿਕਟਾਂ ਵੀ ਲਈਆਂ ਹਨ। ਰਚਿਨ ਨੂੰ ਭਾਰਤੀ ਪਿੱਚਾਂ ਅਤੇ ਸਪਿਨ ਗੇਂਦਬਾਜ਼ਾਂ ਖਿਲਾਫ ਖੇਡਣ 'ਚ ਕੋਈ ਦਿੱਕਤ ਨਹੀਂ ਆਈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਰਚਿਨ ਰਵਿੰਦਰ ਆਈਪੀਐਲ ਟੀਮ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਸਕਦੇ ਹਨ।