PBKS vs MI: ਕ੍ਰਿਕਟ ਪ੍ਰੇਮੀ ਅੱਜ ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਵੇਖਣ ਲਈ ਪੂਰੀ ਤਰ੍ਹਾਂ ਤਿਆਰ ਹਨ। ਜਾਣਕਾਰੀ ਲਈ ਦੱਸ ਦੇਈਏ ਕਿ  ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ 'ਚ ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਅੱਜ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਵਿਚਾਲੇ ਇਹ ਮੁਕਾਬਲਾ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਪੰਜਾਬ ਕਿੰਗਜ਼ ਇਲੈਵਨ ਇਸ ਮੈਦਾਨ 'ਤੇ ਲਗਾਤਾਰ ਦੋ ਮੈਚ ਹਾਰ ਚੁੱਕੀ ਹੈ। ਮੁੰਬਈ ਦੀ ਟੀਮ ਵੀ ਆਪਣੇ ਪਿਛਲੇ ਮੈਚ ਵਿੱਚ ਚੇਨਈ ਤੋਂ ਹਾਰਨ ਤੋਂ ਬਾਅਦ ਇੱਥੇ ਪਹੁੰਚੀ ਹੈ। ਅਜਿਹੇ 'ਚ ਦੋਵੇਂ ਟੀਮਾਂ ਨੂੰ ਇਹ ਮੈਚ ਜਿੱਤਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।


ਜਾਣੋ ਕਿਸ ਟੀਮ ਦਾ ਪੱਲੜ੍ਹਾ ਭਾਰੀ 


ਹੁਣ ਤੱਕ ਦੋਵੇਂ ਟੀਮਾਂ ਆਈਪੀਐਲ ਵਿੱਚ 31 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 16 ਵਾਰ ਮੁੰਬਈ ਨੇ ਅਤੇ 15 ਵਾਰ ਪੰਜਾਬ ਨੇ ਜਿੱਤ ਦਰਜ ਕੀਤੀ ਹੈ। ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦਾ ਪੱਲੜ੍ਹਾ ਭਾਰੀ ਹੈ। ਅੰਕ ਸੂਚੀ 'ਚ ਪੰਜਾਬ ਇਸ ਸਮੇਂ ਸੱਤਵੇਂ ਅਤੇ ਮੁੰਬਈ ਅੱਠਵੇਂ ਸਥਾਨ 'ਤੇ ਹੈ। ਜਦਕਿ ਪੰਜਾਬ ਕਿੰਗਜ਼ ਇਲੈਵਨ ਟੀਮ ਦੇ ਕਪਤਾਨ ਸ਼ਿਖਰ ਧਵਨ ਸੱਟ ਕਾਰਨ ਮੈਚ ਤੋਂ ਬਾਹਰ ਹਨ। ਉਹ ਟੀਮ ਦੇ ਪ੍ਰਮੁੱਖ ਬੱਲੇਬਾਜ਼ ਵੀ ਹਨ। ਅਜਿਹੇ ਵਿੱਚ ਪੰਜਾਬ ਲਈ ਥੋੜਾ ਔਖਾ ਹੋਵੇਗਾ।


ਕਿਸੇ ਖਿਡਾਰੀ ਨੇ ਨਹੀਂ ਲਗਾਇਆ ਸੈਂਕੜਾ 


ਆਈਪੀਐੱਲ 2024 ਦੇ ਲਗਭਗ ਸਾਰੇ ਮੈਚ ਉੱਚ ਸਕੋਰ ਵਾਲੇ ਹਨ। ਪਰ ਹੁਣ ਤੱਕ ਮੁੱਲਾਪੁਰ ਸਟੇਡੀਅਮ ਵਿੱਚ ਕੋਈ ਵੀ ਟੀਮ 200 ਦੌੜਾਂ ਨਹੀਂ ਬਣਾ ਸਕੀ। ਇਸ ਮੈਦਾਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਸਨਰਾਈਜ਼ਰਜ਼ ਹੈਦਰਾਬਾਦ ਨੇ 182 ਦੌੜਾਂ ਦਾ ਬਣਾਇਆ ਹੈ। ਸਨਰਾਈਜ਼ਰਜ਼ ਹੈਦਰਾਬਾਦ ਨੂੰ ਬਦਲਦੇ ਹੋਏ ਪੰਜਾਬ ਕਿੰਗਜ਼ ਨੇ 180 ਦੌੜਾਂ ਬਣਾਈਆਂ ਸਨ। ਇੱਥੇ ਪੰਜਾਬ ਕਿੰਗਜ਼ ਇਲੈਵਨ ਦਾ ਸਭ ਤੋਂ ਘੱਟ ਸਕੋਰ 147 ਰਿਹਾ। ਇਹ ਪਿਛਲੇ ਮੈਚ 'ਚ ਰਾਜਸਥਾਨ ਰਾਇਲਜ਼ ਦੇ ਖਿਲਾਫ ਬਣੀ ਸੀ। ਇਸ ਮੈਦਾਨ 'ਤੇ ਅਜੇ ਤੱਕ ਕਿਸੇ ਖਿਡਾਰੀ ਨੇ ਸੈਂਕੜਾ ਨਹੀਂ ਲਗਾਇਆ ਹੈ।


ਮੈਚ ਵਿਚਾਲੇ ਬੰਦ ਰਹਿਣਗੀਆਂ ਇਹ ਸੜਕਾਂ


ਮੋਹਾਲੀ ਪੁਲਿਸ ਵੱਲੋਂ ਟਰੈਫਿਕ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਅੱਜ ਦੇ ਮੈਚ ਦੌਰਾਨ ਓਮੈਕਸ, ਡੱਡੂ ਮਾਜਰਾ ਅਤੇ ਮੁੱਲਾਪੁਰ ਚੌਕੀ ਤੋਂ ਸੜਕਾਂ ਬੰਦ ਰਹਿਣਗੀਆਂ। ਮੁਹਾਲੀ ਪੁਲੀਸ ਹਾਈਵੇਅ ਦੇ ਓਮੈਕਸ ਵਾਲੇ ਪਾਸੇ ਤੋਂ ਆਉਣ ਵਾਲੀ ਸੜਕ ਨੂੰ ਬੰਦ ਰੱਖੇਗੀ। ਇੱਥੋਂ ਰੂਟ ਨੂੰ ਦੂਜੇ ਪਾਸੇ ਮੋੜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਡੱਡੂ ਮਾਜਰਾ ਅਤੇ ਮੁੱਲਾਪੁਰ ਗਰੀਬਦਾਸ ਪੁਲੀਸ ਚੌਕੀ ਤੋਂ ਹਾਈਵੇ ਨੂੰ ਜਾਣ ਵਾਲਾ ਰਸਤਾ ਵੀ ਬੰਦ ਰਹੇਗਾ। ਸਥਾਨਕ ਨਿਵਾਸੀਆਂ ਨੂੰ ਆਪਣਾ ਆਈਡੀ ਕਾਰਡ ਦਿਖਾ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਸਿਰਫ ਆਪਣੀ ਮੈਚ ਟਿਕਟ ਦਿਖਾ ਕੇ ਹੀ ਦਾਖਲ ਹੋ ਸਕਦੇ ਹਨ।