IND vs AUS 3rd Test: ਜਸਪ੍ਰੀਤ ਬੁਮਰਾਹ ਅਤੇ ਆਕਾਸ਼ ਦੀਪ, ਇਹ ਉਹ ਨਾਮ ਹਨ ਜਿਨ੍ਹਾਂ ਨੂੰ ਆਸਟ੍ਰੇਲੀਆਈ ਕ੍ਰਿਕਟ ਟੀਮ ਤੇ ਇਸਦੇ ਪ੍ਰਸ਼ੰਸਕ ਸਾਲਾਂ ਤੱਕ ਨਹੀਂ ਭੁੱਲ ਸਕਣਗੇ। ਇਨ੍ਹਾਂ ਦੋਵਾਂ ਗੇਂਦਬਾਜ਼ਾਂ ਨੇ ਬੱਲੇ ਨਾਲ ਕੁਝ ਅਜਿਹਾ ਕੀਤਾ ਜਿਸ ਨੂੰ ਦੁਨੀਆ ਸਾਲਾਂ ਤੱਕ ਯਾਦ ਰੱਖੇਗੀ। ਤਿੰਨ ਸਾਲ ਪਹਿਲਾਂ ਰਿਸ਼ਭ ਪੰਤ ਨੇ ਗਾਬਾ 'ਚ ਕੰਗਾਰੂਆਂ ਦਾ ਹੰਕਾਰ ਤੋੜਿਆ ਸੀ। ਅੱਜ ਬੁਮਰਾਹ ਅਤੇ ਆਕਾਸ਼ਦੀਪ ਨੇ ਉਨ੍ਹਾਂ ਦਾ ਮਨੋਬਲ ਤੋੜ ਦਿੱਤਾ ਹੈ।


ਹੋਇਆ ਇੰਝ ਕਿ ਗਾਬਾ 'ਚ ਖੇਡੇ ਜਾ ਰਹੇ ਤੀਜੇ ਟੈਸਟ 'ਚ ਆਸਟ੍ਰੇਲੀਆ ਦੀਆਂ 445 ਦੌੜਾਂ ਦੇ ਜਵਾਬ 'ਚ ਭਾਰਤ ਨੇ 213 ਦੌੜਾਂ 'ਤੇ 9 ਵਿਕਟਾਂ ਗੁਆ ਦਿੱਤੀਆਂ। ਇੱਥੋਂ ਭਾਰਤ ਨੂੰ ਫਾਲੋਆਨ ਤੋਂ ਬਚਣ ਲਈ 33 ਦੌੜਾਂ ਦੀ ਲੋੜ ਸੀ। ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਪੂਰਾ ਜੋਸ਼ ਸੀ ਫਿਰ ਵੀ ਬੁਮਰਾਹ ਅਤੇ ਆਕਾਸ਼ਦੀਪ ਚੱਟਾਨਾਂ ਵਾਂਗ ਡਟੇ ਰਹੇ ਤੇ ਅਸੰਭਵ ਲੱਗ ਰਹੇ ਕੰਮ ਨੂੰ ਸੰਭਵ ਕਰ ਦਿੱਤਾ। ਚੌਥੇ ਦਿਨ 54 ਗੇਂਦਾਂ 'ਤੇ 39 ਦੌੜਾਂ ਦੀ ਸਾਂਝੇਦਾਰੀ ਕਰਕੇ ਦੋਵਾਂ ਨੇ ਨਾ ਸਿਰਫ ਫਾਲੋਆਨ ਬਚਾਇਆ ਸਗੋਂ ਟੀਮ ਨੂੰ ਹਾਰ ਤੋਂ ਵੀ ਤਕਰੀਬਨ ਬਚਾ ਲਿਆ।



ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੇ ਬੁਮਰਾਹ ਅਤੇ ਆਕਾਸ਼ਦੀਪ ਦੇ ਖ਼ਿਲਾਫ਼ ਆਪਣੇ ਸਾਰੇ ਹਥਿਆਰ ਅਜ਼ਮਾਏ, ਪਰ ਉਨ੍ਹਾਂ ਵਿੱਚੋਂ ਕੋਈ ਵੀ ਇਨ੍ਹਾਂ ਦੋਵਾਂ ਦੀ ਭਾਵਨਾ ਨਾਲ ਮੇਲ ਨਹੀਂ ਖਾਂ ਸਕਿਆ। ਆਸਟ੍ਰੇਲੀਆਈ ਕਪਤਾਨ ਨੇ ਨਾਥਨ ਲਿਓਨ ਨੂੰ ਗੇਂਦਬਾਜ਼ੀ ਕਰਾ ਕੇ ਵੀ ਜੂਆ ਖੇਡਿਆ ਪਰ ਉਹ ਵੀ ਕੰਮ ਨਹੀਂ ਆਇਆ।


ਵਿਰਾਟ ਦੇ ਬੱਲੇ ਨਾਲ ਬੱਲੇਬਾਜ਼ੀ ਕਰਨ ਆਏ ਆਕਾਸ਼ਦੀਪ ਨੇ ਜੋ ਸਬਰ ਤੇ ਹਮਲਾਵਰ ਖੇਡ ਦਿਖਾਈ, ਉਹ ਇਸ ਟੈਸਟ 'ਚ ਖੁਦ ਵਿਰਾਟ 'ਚ ਵੀ ਨਜ਼ਰ ਨਹੀਂ ਆਈ। ਬੁਮਰਾਹ ਨੇ ਇਸ ਨੌਜਵਾਨ ਖਿਡਾਰੀ ਦੇ ਹੁਨਰ 'ਤੇ ਪੂਰਾ ਭਰੋਸਾ ਦਿਖਾਇਆ ਤੇ ਦੋਵਾਂ ਨਾਲ ਸਮਝਦਾਰੀ ਨਾਲ ਬੱਲੇਬਾਜ਼ੀ ਕਰਕੇ ਭਾਰਤ ਨੂੰ ਫਾਲੋਆਨ ਤੋਂ ਬਚਾਇਆ।


ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ 9 ਵਿਕਟਾਂ 'ਤੇ 252 ਦੌੜਾਂ ਬਣਾ ਲਈਆਂ ਸਨ। ਹਾਲਾਂਕਿ ਟੀਮ ਇੰਡੀਆ ਇਸ ਟੈਸਟ 'ਚ ਆਸਟ੍ਰੇਲੀਆ ਤੋਂ ਅਜੇ ਵੀ 193 ਦੌੜਾਂ ਪਿੱਛੇ ਹੈ ਪਰ ਜਦੋਂ ਬੁਮਰਾਹ ਤੇ ਆਕਾਸ਼ਦੀਪ ਨੇ ਫਾਲੋਆਨ ਬਚਾਇਆ ਤਾਂ ਡ੍ਰੈਸਿੰਗ ਰੂਮ 'ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਗੌਤਮ ਗੰਭੀਰ ਦੀ ਖੁਸ਼ੀ ਇਸ ਤਰ੍ਹਾਂ ਸੀ ਕਿ ਇੰਝ ਲੱਗ ਰਿਹਾ ਸੀ ਜਿਵੇਂ ਭਾਰਤ ਜਿੱਤ ਗਿਆ ਹੋਵੇ। 



ਆਕਾਸ਼ਦੀਪ 31 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਨਾਬਾਦ ਪਰਤੇ। ਉਸ ਦੇ ਬੱਲੇ ਤੋਂ ਦੋ ਚੌਕੇ ਤੇ ਇੱਕ ਛੱਕਾ ਲੱਗਾ। ਜਦਕਿ ਜਸਪ੍ਰੀਤ ਬੁਮਰਾਹ 27 ਗੇਂਦਾਂ 'ਚ 10 ਦੌੜਾਂ ਬਣਾ ਕੇ ਨਾਬਾਦ ਪਰਤੇ। ਬੁਮਰਾਹ ਨੇ ਕਮਿੰਸ 'ਤੇ ਵੀ ਸ਼ਾਨਦਾਰ ਛੱਕਾ ਲਗਾਇਆ। ਇਨ੍ਹਾਂ ਦੋਵਾਂ ਦੀ ਬੱਲੇਬਾਜ਼ੀ ਨੂੰ ਦੇਖ ਕੇ ਲੱਗਦਾ ਹੀ ਨਹੀਂ ਸੀ ਕਿ 10ਵੇਂ ਅਤੇ 11ਵੇਂ ਨੰਬਰ ਦੇ ਖਿਡਾਰੀ ਬੱਲੇਬਾਜ਼ੀ ਕਰ ਰਹੇ ਹਨ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਨ੍ਹਾਂ ਦੋਵਾਂ ਨੇ ਕੰਗਾਰੂਆਂ ਨੂੰ ਅਜਿਹਾ ਜ਼ਖ਼ਮ ਦਿੱਤਾ ਹੈ, ਜਿਸ ਨੂੰ ਉਹ ਸਾਲਾਂ ਤੱਕ ਯਾਦ ਰੱਖਣਗੇ।