ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਆਪਣੇ ਕਰੀਅਰ ਦੇ ਪਿਛਲੇ ਕੁਝ ਸਾਲ ਚੰਗੇ ਨਹੀਂ ਰਹੇ ਹਨ। ਉਹ ਦੌੜਾਂ ਲਈ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕੁਝ ਸਮੇਂ ਲਈ ਕ੍ਰਿਕਟ ਤੋਂ ਬ੍ਰੇਕ ਵੀ ਲੈ ਲਿਆ। ਉਹ ਆਪਣੇ ਆਪ ਨੂੰ ਤਰੋਤਾਜ਼ਾ ਕਰਕੇ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਰਾਟ ਨੇ ਹਾਲ ਹੀ 'ਚ ਇੱਕ ਇੰਟਰਵਿਊ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਕਈ ਵਾਰ ਕਰੀਅਰ ਦਾ ਅਸਰ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਵੀ ਪੈਂਦਾ ਹੈ। ਉਨ੍ਹਾਂ ਬੀਤੇ ਸਾਲਾਂ ਦੌਰਾਨ ਆਪਣੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਬਾਰੇ ਗੱਲ ਕੀਤੀ।
ਕੋਹਲੀ ਨੇ ਮਾਨਸਿਕ ਸਿਹਤ ਨੂੰ ਮਹੱਤਵਪੂਰਨ ਦੱਸਿਆ
ਜਦੋਂ ਕੋਹਲੀ ਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਕਿਹਾ, “ਸਿਰਫ ਇੱਕ ਅਥਲੀਟ ਦੇ ਅੰਦਰ ਸਭ ਤੋਂ ਵਧੀਆ ਖੇਡ ਹੀ ਸਾਹਮਣੇ ਆ ਸਕਦੀ ਹੈ। ਪਰ ਇੱਕ ਖਿਡਾਰੀ ਦੇ ਤੌਰ 'ਤੇ ਦਬਾਅ ਦਾ ਮਾਨਸਿਕ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ। ਇਹ ਕਾਫੀ ਗੰਭੀਰ ਮੁੱਦਾ ਹੈ। ਅਸੀਂ ਹਮੇਸ਼ਾ ਮਜ਼ਬੂਤ ਬਣਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕਈ ਵਾਰ ਅਜਿਹਾ ਨਹੀਂ ਹੁੰਦਾ। ਮੈਂ ਨਵੇਂ ਐਥਲੀਟਾਂ ਨੂੰ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਹਾਂ ਸਰੀਰਕ ਤੰਦਰੁਸਤੀ ਜ਼ਰੂਰੀ ਹੈ ਪਰ ਆਪਣੇ ਨਾਲ ਰਿਸ਼ਤਾ ਬਣਾਉਣਾ ਵੀ ਜ਼ਰੂਰੀ ਹੈ। ਮੈਂ ਕਈ ਵਾਰ ਮਹਿਸੂਸ ਕੀਤਾ ਹੈ ਕਿ ਮੈਂ ਇੱਕ ਕਮਰੇ ਵਿੱਚ ਹਾਂ ਜਿੱਥੇ ਹਰ ਕੋਈ ਮੈਨੂੰ ਬਹੁਤ ਪਿਆਰ ਕਰਦਾ ਹੈ ਪਰ ਮੈਂ ਇਕੱਲਾ ਮਹਿਸੂਸ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਲੋਕ ਸਮਝ ਸਕਦੇ ਹਨ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਇਸ ਲਈ ਆਪਣੇ ਨਾਲ ਰਿਸ਼ਤਾ ਬਣਾਉਣ ਲਈ ਸਮਾਂ ਕੱਢੋ। ਜੇਕਰ ਅਜਿਹਾ ਨਾ ਹੋਇਆ ਤਾਂ ਹੋਰ ਚੀਜ਼ਾਂ ਵੀ ਖਤਮ ਹੋ ਜਾਣਗੀਆਂ।
ਪਰਿਵਾਰ ਨਾਲ ਸਮਾਂ ਬਿਤਾਉਣ ਨਾਲ ਰਾਹਤ ਮਿਲਦੀ ਹੈ
ਬਿਜ਼ੀ ਸ਼ੈਡਿਊਲ ਤੋਂ ਬਾਅਦ ਖੁਦ ਨੂੰ ਤਰੋਤਾਜ਼ਾ ਰੱਖਣ ਲਈ ਕੋਹਲੀ ਕੀ ਕਰਦੇ ਹਨ? ਇਸ ਸਵਾਲ ਦਾ ਜਵਾਬ ਦਿੰਦਿਆਂ ਕੋਹਲੀ ਨੇ ਕਿਹਾ, 'ਜਦੋਂ ਬਹੁਤ ਬਿਜ਼ੀ ਸ਼ੈਡਿਊਲ ਹੁੰਦਾ ਹੈ, ਉਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਕੋਲ ਜਾਂਦਾ ਹਾਂ। ਮੈਨੂੰ ਉਨ੍ਹਾਂ ਨਾਲ ਸਮਾਂ ਬਿਤਾਉਣਾ ਪਸੰਦ ਹੈ। ਇਸ ਨਾਲ ਮੇਰਾ ਤਣਾਅ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਮੈਂ ਕੌਫੀ ਪੀਣਾ ਪਸੰਦ ਕਰਦਾ ਹਾਂ। ਮੈਂ ਵੱਖ-ਵੱਖ ਤਰ੍ਹਾਂ ਦੀਆਂ ਕੌਫੀਆਂ ਪੀਣ ਦਾ ਸ਼ੌਕੀਨ ਹਾਂ।'' ਕੋਹਲੀ ਏਸ਼ੀਆ ਕੱਪ ਨਾਲ ਵਾਪਸੀ ਕਰਨਗੇ। ਭਾਰਤ ਨੂੰ ਟੀ-20 ਵਿਸ਼ਵ ਕੱਪ ਤੋਂ ਲੈ ਕੇ ਕਈ ਹੋਰ ਸੀਰੀਜ਼ ਖੇਡਣੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਫਾਰਮ 'ਚ ਵਾਪਸੀ ਲਈ ਕੋਹਲੀ ਇਨ੍ਹਾਂ ਸਭ ਦਾ ਹਿੱਸਾ ਹੋਣਗੇ। ਇੰਗਲੈਂਡ ਦੌਰੇ ਤੋਂ ਬਾਅਦ ਕੋਹਲੀ ਨੇ ਇਕ ਮਹੀਨੇ ਦਾ ਬ੍ਰੇਕ ਲੈਣ ਦਾ ਫੈਸਲਾ ਕੀਤਾ ਸੀ। ਕੋਹਲੀ ਨੇ ਪਿਛਲੇ ਤਿੰਨ ਸਾਲਾਂ 'ਚ ਸੈਂਕੜਾ ਨਹੀਂ ਲਗਾਇਆ ਹੈ। ਹੁਣ ਉਹ ਅਰਧ ਸੈਂਕੜੇ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ।