Kuldeep Yadav: ਕ੍ਰਿਕਟ ਦੀ ਦੁਨੀਆ 'ਚ ਚਾਇਨਾਮੈਨ ਦੇ ਨਾਂ ਨਾਲ ਮਸ਼ਹੂਰ ਕੁਲਦੀਪ ਯਾਦਵ ਜੋ ਕਿ ਇਨੀਂ ਦਿਨੀਂ ਇੰਗਲੈਂਡ ਵਿੱਚ ਟੀਮ ਇੰਡੀਆ ਨਾਲ ਅਭਿਆਸ ਕਰ ਰਹੇ ਹਨ, ਜਿੱਥੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਪਹਿਲਾ ਟੈਸਟ 20 ਜੂਨ ਤੋਂ ਹੈਡਿੰਗਲੇ ਕ੍ਰਿਕਟ ਗਰਾਊਂਡ (headingley cricket ground) ਵਿੱਚ ਸ਼ੁਰੂ ਹੋਵੇਗਾ। ਇੰਗਲੈਂਡ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ, 4 ਜੂਨ ਨੂੰ ਕੁਲਦੀਪ ਨੇ ਆਪਣੀ ਦੋਸਤ ਵੰਸ਼ਿਕਾ ਨਾਲ ਕੁੜਮਾਈ ਕੀਤੀ ਸੀ। ਇਸ ਸਮਾਗਮ ਵਿੱਚ ਰਿੰਕੂ ਸਿੰਘ ਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਪ੍ਰਿਆ ਸਰੋਜ ਵੀ ਸ਼ਾਮਲ ਹੋਏ ਸਨ। ਪਰ ਹੁਣ ਸੋਸ਼ਲ ਮੀਡੀਆ ਉੱਤੇ ਫੈਨਜ਼ ਹੈਰਾਨ ਰਹਿ ਗਏ ਜਦੋਂ ਕੁਲਦੀਪ ਯਾਦਵ ਨੇ ਅਚਾਨਕ ਆਪਣੀ ਮੰਗਣੀ ਵਾਲੀਆਂ ਤਸਵੀਰਾਂ ਹਟਾ ਦਿੱਤੀਆਂ।
ਹੁਣ ਕੁਲਦੀਪ ਆਪਣੀ ਮੰਗਣੀ ਦੀਆਂ ਤਸਵੀਰਾਂ ਕਰਕੇ ਚਰਚਾ ਵਿੱਚ ਹਨ। ਕੁਝ ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਆਪਣੀ ਮੰਗਣੀ ਦੀਆਂ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ, ਪਰ ਬਾਅਦ ਵਿੱਚ ਉਹ ਪੋਸਟ ਡਿਲੀਟ ਕਰ ਦਿੱਤੀ। ਉਨ੍ਹਾਂ ਨੇ ਇਹ ਕਿਉਂ ਕੀਤਾ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਦੱਸ ਦਈਏ ਅਜਿਹੇ ਬਹੁਤ ਸਾਰੇ ਕ੍ਰਿਕਟਰ ਨੇ ਜਿਨ੍ਹਾਂ ਨੇ ਆਪਣੇ ਵਿਆਹ ਜਾਂ ਮੰਗਣੀ ਨਾਲ ਸੰਬੰਧੀ ਤਸਵੀਰਾਂ ਪਹਿਲਾਂ ਸ਼ੇਅਰ ਕੀਤੀਆਂ ਪਰ ਬਾਅਦ ਦੇ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ।
ਕੁਲਦੀਪ ਦੀ ਹੋਣ ਵਾਲੀ ਪਤਨੀ ਵੰਸ਼ਿਕਾ ਲਖਨਊ ਦੀ ਰਹਿਣ ਵਾਲੀ ਹੈ ਅਤੇ ਜਾਣਕਾਰੀ ਮੁਤਾਬਕ ਉਹ LIC ਵਿੱਚ ਨੌਕਰੀ ਕਰਦੀ ਹੈ। ਇੰਗਲੈਂਡ ਜਾਣ ਤੋਂ ਪਹਿਲਾਂ ਕੁਲਦੀਪ ਯਾਦਵ ਅਤੇ ਵੰਸ਼ਿਕਾ ਦੀ ਮੰਗਣੀ ਹੋਈ ਸੀ, ਜਿਸ ਵਿੱਚ ਰਿੰਕੂ ਸਿੰਘ ਵੀ ਸ਼ਾਮਲ ਹੋਏ ਸਨ। ਉਨ੍ਹਾਂ ਦੇ ਨਾਲ ਸਾਂਸਦ ਪ੍ਰਿਆ ਸਰੋਜ ਵੀ ਆਈ ਸੀ। ਇਸ ਦੇ ਬਾਅਦ ਰਿੰਕੂ ਅਤੇ ਪ੍ਰਿਆ ਦੀ ਵੀ ਮੰਗਣੀ ਹੋਈ, ਜਿਸ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਖ਼ਬਰ ਹੈ ਕਿ ਇਸੇ ਸਾਲ ਨਵੰਬਰ ਵਿੱਚ ਰਿੰਕੂ ਅਤੇ ਪ੍ਰਿਆ ਦੀ ਵਿਆਹ ਦੀ ਰਸਮ ਹੋਣੀ ਹੈ।
ਕਈ ਦਿੱਗਜ ਮੰਨ ਚੁੱਕੇ ਹਨ ਕਿ ਇੰਗਲੈਂਡ ਵਿਚ ਜਿੱਥੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ, ਉਥੇ ਸਪਿਨਰ ਕੁਲਦੀਪ ਯਾਦਵ ਦੀ ਭੂਮਿਕਾ ਬਹੁਤ ਅਹਿਮ ਹੋ ਸਕਦੀ ਹੈ। ਇੰਗਲੈਂਡ ਵਿੱਚ ਹੋਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਵੀ ਸਪਿਨਰਾਂ ਨੂੰ ਮਦਦ ਮਿਲੀ ਸੀ, ਅਜਿਹੇ ਹਾਲਾਤਾਂ ਵਿੱਚ ਕੁਲਦੀਪ ਇੱਕ ਐਕਸ-ਫੈਕਟਰ ਸਾਬਤ ਹੋ ਸਕਦੇ ਹਨ।
ਹੈਡਿੰਗਲੇ ਕ੍ਰਿਕੇਟ ਗਰਾਊਂਡ 'ਤੇ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨੇ ਕੈਂਟ 'ਚ ਪ੍ਰੈਕਟਿਸ ਮੈਚ ਖੇਡਿਆ। ਇਸ ਬਾਰੇ ਕੁਲਦੀਪ ਨੇ ਕਿਹਾ, “ਸਪਿਨਰਾਂ ਲਈ ਪਿੱਚ ਚੰਗੀ ਲੱਗ ਰਹੀ ਹੈ। ਸ਼ੁਰੂਆਤੀ ਓਵਰਾਂ ਵਿਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੀ, ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਿਆ, ਸਪਿਨਰਾਂ ਨੂੰ ਵੀ ਮਦਦ ਮਿਲਣੀ ਸ਼ੁਰੂ ਹੋ ਗਈ।”