ਕ੍ਰਿਕਟ ਮੈਚ ਦੌਰਾਨ ਲਾਇਆ 'ਪਾਕਿਸਤਾਨ ਜ਼ਿੰਦਾਬਾਦ' ਦਾ ਨਾਅਰਾ, ਭੀੜ ਨੇ ਕੁੱਟ-ਕੁੱਟ ਕੇ ਮਾਰਿਆ, 15 ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ
ਕਰਨਾਟਕ ਵਿੱਚ, ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ 'ਤੇ 25 ਲੋਕਾਂ ਨੇ ਇੱਕ ਵਿਅਕਤੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 10 ਦੀ ਭਾਲ ਕੀਤੀ ਜਾ ਰਹੀ ਹੈ।
Crime News: ਕਰਨਾਟਕ ਦੇ ਮੰਗਲੁਰੂ ਵਿੱਚ ਇੱਕ ਵਿਅਕਤੀ ਨੇ ਕ੍ਰਿਕਟ ਮੈਚ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ, ਜਿਸ ਤੋਂ ਬਾਅਦ ਭੀੜ ਨੇ ਉਸਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਕੁਡੁਪ ਪਿੰਡ ਵਿੱਚ ਵਾਪਰੀ, ਜਿੱਥੇ ਇੱਕ ਸਥਾਨਕ ਕ੍ਰਿਕਟ ਮੈਚ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਘੱਟੋ-ਘੱਟ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਸ਼ ਹੈ ਕਿ ਘੱਟੋ-ਘੱਟ 25 ਲੋਕਾਂ ਦੀ ਭੀੜ ਨੇ ਇਸ ਆਦਮੀ 'ਤੇ ਹਮਲਾ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 27 ਅਪ੍ਰੈਲ, 2025 ਨੂੰ ਦੁਪਹਿਰ 3 ਵਜੇ ਦੇ ਕਰੀਬ ਭਟਰਾ ਕਲੂਰਤੀ ਮੰਦਰ ਨੇੜੇ ਵਾਪਰੀ। ਫਿਲਹਾਲ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਆਦਮੀ 'ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸਨੂੰ ਕਈ ਗੰਭੀਰ ਸੱਟਾਂ ਲੱਗੀਆਂ। ਉਸਦੇ ਸਿਰ ਵਿੱਚ ਵੀ ਸੱਟਾਂ ਲੱਗੀਆਂ। ਪੁਲਿਸ ਨੇ ਦੱਸਿਆ ਕਿ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ, "ਮੌਬ ਲਿੰਚਿੰਗ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇੱਕ ਵਿਅਕਤੀ, ਜਿਸਦੀ ਪਛਾਣ ਅਣਜਾਣ ਹੈ, ਨੇ ਇੱਕ ਸਥਾਨਕ ਕ੍ਰਿਕਟ ਮੈਚ ਦੌਰਾਨ 'ਪਾਕਿਸਤਾਨ ਜ਼ਿੰਦਾਬਾਦ' ਦਾ ਨਾਅਰਾ ਲਗਾਇਆ। ਕੁਝ ਲੋਕਾਂ ਨੇ ਉਸਨੂੰ ਕੁੱਟਿਆ। ਬਾਅਦ ਵਿੱਚ ਉਸਦੀ ਮੌਤ ਹੋ ਗਈ। 10-12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਜਾਂਚ ਜਾਰੀ ਹੈ। ਮੈਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ।"
ਪੁਲਿਸ ਨੇ ਕੀ ਕਿਹਾ?
ਮੰਗਲੁਰੂ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਕਿਹਾ, "ਸ਼ੁਰੂ ਵਿੱਚ, ਪੁਲਿਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਤੇ ਮੰਦਰ ਪਰਿਸਰ ਦੇ ਨੇੜੇ ਲਾਸ਼ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ। 28 ਅਪ੍ਰੈਲ ਨੂੰ ਕੀਤੇ ਗਏ ਪੋਸਟਮਾਰਟਮ ਵਿੱਚ ਪੁਸ਼ਟੀ ਹੋਈ ਕਿ ਮੌਤ ਕਈ ਸੱਟਾਂ ਅਤੇ ਡਾਕਟਰੀ ਇਲਾਜ ਦੀ ਘਾਟ ਕਾਰਨ ਹੋਈ ਹੈ।"
ਉਨ੍ਹਾਂ ਅੱਗੇ ਕਿਹਾ, "ਅਧਿਕਾਰੀਆਂ ਨੇ ਇਸ ਮਾਮਲੇ ਵਿੱਚ 15 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਇਸ ਮਾਮਲੇ ਦੇ ਸਬੰਧ ਵਿੱਚ ਲਗਭਗ 10 ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁੱਖ ਦੋਸ਼ੀ, ਜਿਸਦੀ ਪਛਾਣ ਸਚਿਨ ਵਜੋਂ ਹੋਈ ਹੈ, ਜੋ ਕਿ ਕੁਡੂਪੂ ਦਾ ਰਹਿਣ ਵਾਲਾ ਹੈ, ਪਹਿਲਾਂ ਹੀ ਸਾਡੀ ਹਿਰਾਸਤ ਵਿੱਚ ਹੈ। ਇਸ ਮਾਮਲੇ ਵਿੱਚ ਲਗਾਈ ਗਈ ਧਾਰਾ ਬਹੁਤ ਸਖ਼ਤ ਹੈ - ਜੇ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਦੋਸ਼ੀ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਅਸੀਂ ਇਸ ਧਾਰਾ ਨੂੰ ਬੀਐਨਐਸ ਅਧੀਨ ਲਾਗੂ ਕੀਤਾ ਕਿਉਂਕਿ ਇਸ ਅਪਰਾਧ ਵਿੱਚ ਪੰਜ ਤੋਂ ਵੱਧ ਲੋਕ ਸ਼ਾਮਲ ਸਨ।"




















