T20 World Cup 2024: ਟੀ-20 ਵਿਸ਼ਵ ਕੱਪ 2024 ਦੇ ਗਰੁੱਪ ਮੈਚ ਖਤਮ ਹੋ ਗਏ ਹਨ। ਹੁਣ ਬੁੱਧਵਾਰ ਯਾਨੀ 19 ਜੂਨ ਨੂੰ ਸੁਪਰ 8 ਮੁਕਾਬਲੇ ਸ਼ੁਰੂ ਹੋਣਗੇ। ਦੱਸ ਦੇਈਏ ਕਿ ਭਾਰਤ ਦਾ ਪਹਿਲਾ ਮੈਚ ਅਫਗਾਨਿਸਤਾਨ ਨਾਲ ਹੋਵੇਗਾ। ਇਸ ਵਿਚਾਲੇ ਟੀ-20 ਵਿਸ਼ਵ ਕੱਪ ਨਾਲ ਜੁੜੀ ਇਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਇੱਕ ਰਿਪੋਰਟ ਮੁਤਾਬਕ ਗਰੁੱਪ ਮੈਚਾਂ ਦੌਰਾਨ ਮੈਚ ਫਿਕਸਿੰਗ ਦੀ ਕੋਸ਼ਿਸ਼ ਕੀਤੀ ਗਈ। ਹੁਣ ਟੀ-20 ਵਿਸ਼ਵ ਕੱਪ 2024 ਵਿੱਚ ਮੈਚ ਫਿਕਸਿੰਗ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਮਾਹੌਲ ਗਰਮਾ ਗਿਆ ਹੈ। ਤਾਜ਼ਾ ਰਿਪੋਰਟ ਮੁਤਾਬਕ ਮੌਜੂਦਾ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਟੀਮ ਨੇ ਮੈਚ ਫਿਕਸਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਓ ਜਾਣਦੇ ਹਾਂ ਕੀ ਹੈ ਇਹ ਪੂਰਾ ਮਾਮਲਾ...



ਟੀ-20 ਵਿਸ਼ਵ ਕੱਪ 2024 'ਚ ਚੱਲ ਰਹੀ ਫਿਕਸਿੰਗ ?


ਬੁੱਧਵਾਰ ਤੋਂ ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਦਾ ਆਗਾਜ਼ ਹੋਣ ਜਾ ਰਿਹਾ ਹੈ। ਦੱਖਣੀ ਅਫਰੀਕਾ ਅਤੇ ਅਮਰੀਕਾ ਵਿਚਾਲੇ ਪਹਿਲਾ ਮੈਚ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ ਗਰੁੱਪ ਪੜਾਅ ਦੌਰਾਨ ਕੀਨੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਯੁਗਾਂਡਾ ਟੀਮ ਦੇ ਮੈਂਬਰਾਂ ਨੂੰ ਵੱਖ-ਵੱਖ ਨੰਬਰਾਂ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ।


ਆਈਸੀਸੀ ਦੇ ਸਖ਼ਤ ਭ੍ਰਿਸ਼ਟਾਚਾਰ ਵਿਰੋਧੀ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ, ਯੂਗਾਂਡਾ ਦੇ ਖਿਡਾਰੀ ਨੇ ਇਸ ਗੱਲ ਦੀ ਜਾਣਕਾਰੀ ਏਸੀਯੂ ਅਧਿਕਾਰੀਆਂ ਨੂੰ ਦਿੱਤੀ। ਪੀਟੀਆਈ ਨੂੰ ਸੂਤਰਾਂ ਨੇ ਦੱਸਿਆ, "ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹ ਵਿਅਕਤੀ ਯੂਗਾਂਡਾ ਦੀ ਰਾਸ਼ਟਰੀ ਟੀਮ ਦੇ ਇੱਕ ਮੈਂਬਰ ਨੂੰ ਨਿਸ਼ਾਨਾ ਬਣਾ ਰਿਹਾ ਸੀ।" "ਵੱਡੇ ਦੇਸ਼ਾਂ ਦੇ ਮੁਕਾਬਲੇ ਸਹਿਯੋਗੀ ਦੇਸ਼ਾਂ ਦੇ ਖਿਡਾਰੀਆਂ ਨਾਲ ਸੰਪਰਕ ਕਰਨਾ ਆਸਾਨ ਹੈ, ਪਰ ਇਸ ਮਾਮਲੇ ਵਿੱਚ ਜਿਸ ਖਿਡਾਰੀ ਨਾਲ ਸੰਪਰਕ ਕੀਤਾ ਗਿਆ ਸੀ, ਉਸ ਨੇ ਆਈਸੀਸੀ ਨੂੰ ਜਲਦੀ ਹੀ ਸੂਚਿਤ ਕੀਤਾ।"


ਵਨਡੇ ਵਿਸ਼ਵ ਕੱਪ 2011 ਵਿੱਚ ਵੀ ਹੋਈ ਸੀ ਫਿਕਸਿੰਗ ਦੀ ਕੋਸ਼ਿਸ਼  


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਸ਼ਵ ਕੱਪ 'ਚ ਮੈਚ ਫਿਕਸਿੰਗ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। 2011 ਵਨਡੇ ਵਿਸ਼ਵ ਕੱਪ ਦੌਰਾਨ, ਇੱਕ ਕਥਿਤ ਸੱਟੇਬਾਜ਼ ਨੇ ਉਸ ਸਮੇਂ ਦੇ 20 ਸਾਲਾ ਕੈਨੇਡੀਅਨ ਖਿਡਾਰੀ ਹਮਜ਼ਾ ਤਾਰਿਕ ਨਾਲ ਸੰਪਰਕ ਕੀਤਾ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਮੈਚ ਫਿਕਸਿੰਗ ਨੂੰ ਲੈ ਕੇ ਆਈਸੀਸੀ ਪਹਿਲਾਂ ਹੀ ਕਈ ਖਿਡਾਰੀਆਂ 'ਤੇ ਪਾਬੰਦੀ ਲਗਾ ਚੁੱਕੀ ਹੈ। ਪਾਕਿਸਤਾਨੀ ਟੀਮ ਦੇ ਸਾਬਕਾ ਖਿਡਾਰੀ ਸਲੀਮ ਮਲਿਕ ਨੂੰ ਮੈਚ ਫਿਕਸਿੰਗ ਲਈ ਬੈਨ ਦਾ ਸਾਹਮਣਾ ਕਰਨਾ ਪਿਆ ਸੀ।


ਇਸ ਤੋਂ ਇਲਾਵਾ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਅਤੇ ਅਜੇ ਸ਼ਰਮਾ ਦਾ ਨਾਂ ਵੀ ਮੈਚ ਫਿਕਸਿੰਗ ਦੇ ਦੋਸ਼ਾਂ 'ਚ ਸਾਹਮਣੇ ਆਇਆ ਹੈ। ਇਨ੍ਹਾਂ ਖਿਡਾਰੀਆਂ 'ਤੇ ਪਾਬੰਦੀ ਵੀ ਲਗਾਈ ਗਈ ਸੀ।