MI vs DC: ਆਈਪੀਐੱਲ 2024 ਦਾ 20ਵਾਂ ਮੈਚ ਐਤਵਾਰ ਨੂੰ ਮੁੰਬਈ ਇੰਡੀਅਨਜ਼ (MI) ਅਤੇ ਦਿੱਲੀ ਕੈਪੀਟਲਸ (DC) ਵਿਚਾਲੇ ਖੇਡਿਆ ਗਿਆ। ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ MI ਨੇ ਡੀਸੀ ਨੂੰ 29 ਦੌੜਾਂ ਨਾਲ ਹਰਾਇਆ। ਹਾਰਦਿਕ ਬ੍ਰਿਗੇਡ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ 235/5 ਦਾ ਵੱਡਾ ਸਕੋਰ ਬਣਾਇਆ। ਜਵਾਬ ਵਿੱਚ ਦਿੱਲੀ ਦੀ ਟੀਮ 205/5 ਹੀ ਜੋੜ ਸਕੀ। ਮੌਜੂਦਾ ਸੀਜ਼ਨ ਵਿੱਚ MI ਦੀ ਇਹ ਪਹਿਲੀ ਜਿੱਤ ਹੈ। ਮੁੰਬਈ ਨੇ ਨਾ ਸਿਰਫ ਜਿੱਤ ਦਾ ਖਾਤਾ ਖੋਲ੍ਹਿਆ ਸਗੋਂ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਲਿਆ।


ਵਾਨਖੇੜੇ ਸਟੇਡੀਅਮ 'ਚ ਆਪਣੇ ਪਿਛਲੇ ਮੈਚ 'ਚ ਸਿਰਫ 125 ਦੌੜਾਂ ਬਣਾਉਣ ਵਾਲੀ ਮੁੰਬਈ ਨੇ ਉਸ ਗਲਤੀ ਨੂੰ ਸੁਧਾਰਿਆ ਅਤੇ ਇਸ ਵਾਰ ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ। ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਸਿਖਰਲੇ ਕ੍ਰਮ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ, ਜਦੋਂ ਕਿ ਹੇਠਲੇ ਕ੍ਰਮ ਵਿੱਚ ਟਿਮ ਡੇਵਿਡ ਅਤੇ ਰੋਮਾਰੀਓ ਸ਼ੈਫਰਡ ਨੇ ਸ਼ਾਨਦਾਰ ਫਿਨਿਸ਼ਿੰਗ ਲਗਾ ਕੇ ਟੀਮ ਨੂੰ 234 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ। ਮੁੰਬਈ ਨੇ ਇਸ ਸੀਜ਼ਨ ਵਿੱਚ ਦੂਜੀ ਵਾਰ 200 ਤੋਂ ਵੱਧ ਦਾ ਸਕੋਰ ਬਣਾਇਆ।


ਜਾਣੋ ਵਾਨਖੇੜੇ ਸਟੇਡੀਅਮ ਵਿੱਚ ਹੋਈ ਕਿਹੜੀ ਗਲਤੀ


ਦਰਅਸਲ, ਡੀਸੀ 235 ਦੇ ਟੀਚੇ ਦਾ ਪਿੱਛਾ ਕਰਨ ਲਈ ਮੈਦਾਨ ਤੇ ਪਹੁੰਚਦਾ ਤਾਂ ਉਸ ਤੋਂ ਪਹਿਲਾਂ ਵਾਨਖੇੜੇ ਸਟੇਡੀਅਮ ਦੇ ਅਧਿਕਾਰੀ ਵੱਲੋਂ ਵੱਡੀ ਗਲਤੀ ਹੋ ਗਈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸਟੇਡੀਅਮ ਦੇ ਅਧਿਕਾਰੀ ਵੱਲੋਂ ਵੱਡੀ ਸਕ੍ਰੀਨ 'ਤੇ 'ਡੀਸੀ 235 ਦੌੜਾਂ ਨਾਲ ਜਿੱਤਿਆ' ਦਿਖਾਇਆ ਗਿਆ, ਜਿਸ ਦੀ ਤਸਵੀਰ ਐਕਸ (ਪਹਿਲਾਂ ਟਵਿੱਟਰ) 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸਦਾ ਕੁਝ ਫੈਨਜ਼ ਵੱਲੋਂ ਮਜ਼ਾਕ ਵੀ ਬਣਾਇਆ ਜਾ ਰਿਹਾ ਹੈ, ਜਦਕਿ ਕਈ ਪ੍ਰਸ਼ੰਸਕ ਇਹ ਸਭ ਵੇਖ ਕੇ ਹੈਰਾਨ ਰਹਿ ਗਏ।





 
ਬੱਲੇਬਾਜ਼ਾਂ ਦਾ ਰਿਹਾ ਦਬਾਅ 


MI ਬਨਾਮ ਡੀਸੀ ਮੈਚ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਬੱਲੇਬਾਜ਼ਾਂ ਦਾ ਦਬਦਬਾ ਰਿਹਾ। ਮੁੰਬਈ ਇੰਡੀਅਨਜ਼ ਲਈ ਪਹਿਲਾਂ ਰੋਹਿਤ ਸ਼ਰਮਾ ਨੇ 27 ਗੇਂਦਾਂ 'ਤੇ 49 ਦੌੜਾਂ ਦੀ ਪਾਰੀ ਖੇਡੀ, ਜਦਕਿ ਈਸ਼ਾਨ ਕਿਸ਼ਨ ਨੇ ਵੀ 23 ਗੇਂਦਾਂ 'ਤੇ 42 ਦੌੜਾਂ ਬਣਾਈਆਂ। ਹਾਲਾਂਕਿ ਮੁੰਬਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਵੀ 39 ਦੌੜਾਂ ਦਾ ਯੋਗਦਾਨ ਦਿੱਤਾ ਪਰ ਐੱਮਆਈ ਦੀ ਪਾਰੀ ਦੇ ਹੀਰੋ ਟਿਮ ਡੇਵਿਡ ਅਤੇ ਰੋਮੀਓ ਸ਼ੈਫਰਡ ਰਹੇ। ਡੇਵਿਡ ਨੇ 45 ਦੌੜਾਂ ਦੀ ਪਾਰੀ ਖੇਡੀ ਅਤੇ ਸ਼ੈਫਰਡ ਨੇ ਸਿਰਫ਼ 10 ਗੇਂਦਾਂ 'ਤੇ 39 ਦੌੜਾਂ ਬਣਾਈਆਂ। ਡੇਵਿਡ ਅਤੇ ਸ਼ੈਫਰਡ ਨੇ ਮਿਲ ਕੇ MI ਲਈ ਆਖਰੀ ਓਵਰਾਂ 'ਚ 8 ਛੱਕੇ ਲਗਾਏ। ਦੂਜੇ ਪਾਸੇ ਦਿੱਲੀ ਲਈ ਪ੍ਰਿਥਵੀ ਸ਼ਾਅ ਨੇ 66 ਅਤੇ ਅਭਿਸ਼ੇਕ ਪੋਰੇਲ ਨੇ 41 ਦੌੜਾਂ ਦਾ ਯੋਗਦਾਨ ਪਾਇਆ। ਹਾਲਾਂਕਿ ਰਿਸ਼ਭ ਪੰਤ ਅਤੇ ਡੇਵਿਡ ਵਾਰਨਰ ਦੇ ਬੱਲੇ ਕੰਮ ਨਹੀਂ ਆਏ ਪਰ ਟ੍ਰਿਸਟਨ ਸਟੱਬਸ ਨੇ 25 ਗੇਂਦਾਂ 'ਤੇ 71 ਦੌੜਾਂ ਦੀ ਪਾਰੀ ਖੇਡੀ।