AUS vs SL Match Highlights: ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਵਿਸ਼ਵ ਕੱਪ 2023 ਦੇ 14ਵੇਂ ਮੈਚ 'ਚ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਜਿੱਤ ਦਾ ਖਾਤਾ ਖੋਲ੍ਹ ਲਿਆ ਹੈ। ਆਸਟ੍ਰੇਲੀਆ ਨੇ ਸ਼੍ਰੀਲੰਕਾ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ 'ਚ ਲਗਾਤਾਰ ਤੀਜੀ ਹਾਰ ਦਿੱਤੀ।


ਕੰਗਾਰੂ ਟੀਮ ਦੀ ਪਹਿਲੀ ਜਿੱਤ 'ਚ ਬੱਲੇਬਾਜ਼ ਜੋਸ਼ ਇੰਗਲਿਸ ਅਤੇ ਮਿਸ਼ੇਲ ਮਾਰਸ਼ ਅਤੇ ਗੇਂਦਬਾਜ਼ ਐਡਮ ਜੰਪਾ ਨੇ ਅਹਿਮ ਭੂਮਿਕਾ ਨਿਭਾਈ। ਇੰਗਲਿਸ ਨੇ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 58 ਦੌੜਾਂ ਅਤੇ ਮਾਰਸ਼ ਨੇ 9 ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਇਸ ਦੌਰਾਨ ਸ਼੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।


ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ 43.3 ਓਵਰਾਂ 'ਚ 209 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਲਈ ਓਪਨਰਜ਼ ਕੁਸਲ ਪਰੇਰਾ ਨੇ 12 ਚੌਕਿਆਂ ਦੀ ਮਦਦ ਨਾਲ 78 (82 ਗੇਂਦਾਂ) ਅਤੇ ਪਾਥੁਮ ਨਿਸਾਂਕਾ ਨੇ 8 ਚੌਕਿਆਂ ਦੀ ਮਦਦ ਨਾਲ 61 (67 ਗੇਂਦਾਂ) ਦੌੜਾਂ ਬਣਾਈਆਂ। ਇਸ ਦੌਰਾਨ ਆਸਟਰੇਲੀਆ ਦੇ ਸਪਿਨਰ ਐਡਮ ਜੰਪਾ ਨੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੇ 35.2 ਓਵਰਾਂ 'ਚ 5 ਵਿਕਟਾਂ 'ਤੇ ਜਿੱਤ ਹਾਸਲ ਕਰ ਲਈ।


ਆਸਟ੍ਰੇਲੀਆ ਦੀ ਸ਼ੁਰੂਆਤ ਨਹੀਂ ਰਹੀ ਚੰਗੀ


ਦੌੜਾਂ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ਚੰਗੀ ਸ਼ੁਰੂਆਤ ਨਹੀਂ ਕਰ ਸਕੀ। ਟੀਮ ਨੇ ਚੌਥੇ ਓਵਰ ਵਿੱਚ ਹੀ ਦੋ ਵਿਕਟਾਂ ਗੁਆ ਦਿੱਤੀਆਂ ਸਨ। ਟੀਮ ਨੂੰ ਪਹਿਲਾ ਝਟਕਾ ਚੌਥੇ ਓਵਰ ਦੀ ਪਹਿਲੀ ਗੇਂਦ 'ਤੇ ਡੇਵਿਡ ਵਾਰਨਰ (11) ਦੇ ਰੂਪ 'ਚ ਲੱਗਿਆ। ਫਿਰ ਓਵਰ ਦੀ ਆਖਰੀ ਗੇਂਦ 'ਤੇ ਸਟੀਵ ਸਮਿਥ ਬਿਨਾਂ ਖਾਤਾ ਖੋਲ੍ਹਿਆਂ ਪਰਤ ਗਏ। ਦਿਲਸ਼ਾਨ ਮਦੁਸ਼ੰਕਾ ਨੇ ਦੋਵਾਂ ਬੱਲੇਬਾਜ਼ਾਂ ਨੂੰ ਐੱਲ.ਬੀ.ਡਬਲਯੂ. ਰਾਹੀਂ ਆਪਣਾ ਸ਼ਿਕਾਰ ਬਣਾਇਆ।


ਇਹ ਵੀ ਪੜ੍ਹੋ: Virat Kohli: ਮੈਡਮ ਤੁਸਾਦ ਮਿਊਜ਼ੀਅਮ 'ਚ ਵਿਰਾਟ ਦੇ Statue ਨੇ ਜਿੱਤਿਆ ਦਿਲ, ਕਿੰਗ ਕੋਹਲੀ ਨੇ ਵੀ ਦਿੱਤਾ ਰਿਐਕਸ਼ਨ


ਇਸ ਦੌਰਾਨ ਓਪਨਰ ਮਿਸ਼ੇਲ ਮਾਰਸ਼ ਨੇ ਪਾਰੀ ਨੂੰ ਸੰਭਾਲਿਆ। ਹਾਲਾਂਕਿ 15ਵੇਂ ਓਵਰ 'ਚ ਮਾਰਸ਼ ਆਪਣਾ ਅਰਧ ਸੈਂਕੜਾ ਪੂਰਾ ਕਰਦਿਆਂ ਹੋਇਆਂ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਉਨ੍ਹਾਂ ਨੇ 51 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ 52 ਦੌੜਾਂ ਦੀ ਪਾਰੀ ਖੇਡੀ। ਮਾਰਸ਼ ਨੇ ਚੌਥੇ ਨੰਬਰ 'ਤੇ ਆਏ ਮਾਰਨਸ ਲਾਬੁਸ਼ੇਨ ਨਾਲ ਤੀਜੇ ਵਿਕਟ ਲਈ 56 (62 ਗੇਂਦਾਂ) ਦੀ ਸਾਂਝੇਦਾਰੀ ਵੀ ਕੀਤੀ।


ਮਾਰਸ਼ ਦੀ ਵਿਕਟ ਤੋਂ ਬਾਅਦ ਲਾਬੁਸ਼ੇਨ ਨੇ ਜੋਸ ਇੰਗਲਿਸ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ ਅਤੇ ਤੀਜੇ ਵਿਕਟ ਲਈ ਦੋਵਾਂ ਵਿਚਾਲੇ 77 ਦੌੜਾਂ (86 ਗੇਂਦਾਂ) ਦੀ ਸਾਂਝੇਦਾਰੀ ਹੋਈ। ਪਰ ਇਹ ਸਾਂਝੇਦਾਰੀ 29ਵੇਂ ਓਵਰ ਵਿੱਚ ਲਾਬੂਸ਼ੇਨ ਦੀ ਵਿਕਟ ਨਾਲ ਖਤਮ ਹੋ ਗਈ, ਜੋ 40 ਦੌੜਾਂ (60 ਗੇਂਦਾਂ) ਬਣਾ ਕੇ ਦਿਲਸ਼ਾਨ ਮਦੁਸ਼ੰਕਾ ਦੇ ਜਾਲ ਵਿੱਚ ਫਸ ਗਏ।


ਇਸ ਤੋਂ ਬਾਅਦ ਆਸਟ੍ਰੇਲੀਆ ਨੂੰ ਪੰਜਵਾਂ ਝਟਕਾ 34ਵੇਂ ਓਵਰ ਦੀ ਪਹਿਲੀ ਗੇਂਦ 'ਤੇ ਚੰਗੀ ਪਾਰੀ ਖੇਡ ਰਹੇ ਜੋਸ ਇੰਗਲਿਸ ਦੇ ਰੂਪ 'ਚ ਲੱਗਿਆ, ਜੋ 5 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 58 (59) ਦੌੜਾਂ ਬਣਾ ਕੇ ਸਪਿਨਰ ਦੁਨਿਥ ਵੇੱਲਾਲਾਘੇ ਦੇ ਜਾਲ 'ਚ ਫਸ ਗਏ। ਇਸ ਤੋਂ ਬਾਅਦ ਗਲੇਨ ਮੈਕਸਵੈੱਲ ਅਤੇ ਮਾਰਕਸ ਸਟੋਇਨਿਸ ਨੇ ਅਜੇਤੂ ਰਹਿੰਦਿਆਂ ਹੋਇਆਂ ਆਸਟ੍ਰੇਲੀਆ ਨੂੰ ਜਿੱਤ ਦੀ ਲਾਈਨ 'ਤੇ ਪਹੁੰਚਾ ਦਿੱਤਾ। ਮੈਕਸਵੈੱਲ 31* ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਸਟੋਇਨਿਸ 20* ਦੌੜਾਂ ਬਣਾ ਕੇ ਨਾਬਾਦ ਪਰਤੇ।


ਇਦਾਂ ਦੀ ਰਹੀ ਸ਼੍ਰੀਲੰਕਾ ਦੀ ਗੇਂਦਬਾਜ਼ੀ


ਸ਼੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ 9 ਓਵਰਾਂ 'ਚ 38 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਦੁਨਿਥ ਵੇੱਲਾਲਾਘੇ ਨੂੰ 1 ਸਫਲਤਾ ਮਿਲੀ। ਬਾਕੀ ਗੇਂਦਬਾਜ਼ਾਂ ਵਿੱਚੋਂ ਕੋਈ ਵੀ ਵਿਕਟ ਨਹੀਂ ਲੈ ਸਕਿਆ।


ਇਹ ਵੀ ਪੜ੍ਹੋ: Watch: ਆਸਟ੍ਰੇਲੀਆ-ਸ਼੍ਰੀਲੰਕਾ ਮੈਚ 'ਚ ਤੂਫਾਨ ਨੇ ਮਚਾਈ ਤਬਾਹੀ, ਵੇਖੋ ਕਿਵੇਂ ਖਿਡਾਰੀਆਂ ਦੇ ਨਾਲ-ਨਾਲ ਪਰੇਸ਼ਾਨ ਹੋਏ ਫੈਨਜ਼