ODI World Cup 2023, Pakistan Cricket Team: ਭਾਰਤ ਵਿੱਚ ਹੋਣ ਵਾਲਾ ਆਗਾਮੀ ODI ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਆਈਸੀਸੀ ਨੇ ਇਸ ਸਬੰਧੀ ਅਧਿਕਾਰਤ ਪ੍ਰੋਗਰਾਮ ਦਾ ਐਲਾਨ ਵੀ ਕਰ ਦਿੱਤਾ ਹੈ। ਪਰ ਹੁਣ ਤੱਕ ਪਾਕਿਸਤਾਨੀ ਟੀਮ ਦੇ ਭਾਰਤ ਆਉਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਮੈਗਾ ਈਵੈਂਟ ਵਿੱਚ ਹਿੱਸਾ ਲੈਣ ਲਈ ਆਪਣੀ ਸਰਕਾਰ ਤੋਂ ਭਾਰਤ ਆਉਣ ਦੀ ਇਜਾਜ਼ਤ ਮੰਗੀ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ 3 ਅਗਸਤ ਨੂੰ ਇਸ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ। ਹਾਲਾਂਕਿ ਇਸ ਵਿਚਾਲੇ ਕ੍ਰਿਕਟ ਪ੍ਰਸ਼ੰਸਕ ਮੁਫੱਦਲ ਵੋਹਰਾ ਦਾ ਟਵੀਟ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਸ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤੁਸੀ ਵੀ ਵੇਖੋ ਇਹ ਟਵੀਟ...
ਕਾਬਿਲੇਗੌਰ ਹੈ ਕਿ ਭਾਰਤ ਨੇ ਪਿਛਲੇ ਸਾਲ ਏਸ਼ੀਆ ਕੱਪ ਲਈ ਪਾਕਿਸਤਾਨ ਨਾ ਜਾਣ ਦਾ ਫੈਸਲਾ ਕੀਤਾ ਸੀ। ਉੱਦੋਂ ਤੋਂ ਹੁਣ ਤੱਕ ਪਾਕਿਸਤਾਨ ਵੱਲੋਂ ਵਿਸ਼ਵ ਕੱਪ ਨੂੰ ਲੈ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖੀਆਂ ਜਾ ਚੁੱਕੀਆਂ ਹਨ। ਇਸ ਵਿਚਾਲੇ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪਾਕਿਸਤਾਨ ਨੇ ICC ਤੋਂ ਲਿਖਤੀ ਭਰੋਸਾ ਮੰਗਿਆ ਹੈ।
ਭਾਰਤ ਵਿੱਚ ਪਾਕਿਸਤਾਨ ਦੀ ਟੀਮ ਆਈਸੀਸੀ ਵਨਡੇ ਵਿਸ਼ਵ ਕੱਪ ਖੇਡਣ ਲਈ ਆਵੇਗੀ ਜਾਂ ਨਹੀਂ, ਇਹ ਸਭ ਉਨ੍ਹਾਂ ਦੀ ਸਰਕਾਰ ਦੇ ਹੱਥ ਵਿੱਚ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸਰਕਾਰ ਨੂੰ ਪੱਤਰ ਲਿਖ ਕੇ ਟੀਮ ਨੂੰ ਭਾਰਤ ਦੌਰੇ ਦੀ ਇਜਾਜ਼ਤ ਮੰਗੀ ਸੀ। ਹੁਣ ਇਸ ਬਾਰੇ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। RevSportz ਦੀ ਖਬਰ ਮੁਤਾਬਕ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ICC ਤੋਂ ਲਿਖਤੀ ਭਰੋਸਾ ਮੰਗਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੀ ਟੀਮ ਦੇ ਖਿਡਾਰੀਆਂ ਨੂੰ ਭਾਰਤ ਵਿੱਚ ਉੱਚ ਪੱਧਰੀ ਸੁਰੱਖਿਆ ਮਿਲੇਗੀ। ਲਿਖਤੀ ਤੌਰ 'ਤੇ ਇਹ ਭਰੋਸਾ ਦਿੱਤੇ ਜਾਣ ਤੋਂ ਬਾਅਦ ਹੀ ਟੀਮ ਨੂੰ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।