PAK vs ENG T20 WC Final: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ 2022 (T20 WC 2022) ਦਾ ਫਾਈਨਲ ਮੁਕਾਬਲਾ ਮੀਂਹ ਕਾਰਨ ਖਤਰੇ 'ਚ ਨਜ਼ਰ ਆ ਰਿਹਾ ਹੈ। ਮੈਲਬੌਰਨ 'ਚ ਫਿਲਹਾਲ ਹਲਕੀ ਬਾਰਿਸ਼ ਹੋ ਰਹੀ ਹੈ ਪਰ ਕਾਲੇ ਬੱਦਲਾਂ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਫਾਈਨਲ ਮੈਚ ਦੌਰਾਨ ਬਾਰਿਸ਼ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਅਤੇ ਕ੍ਰਿਕਟ ਪ੍ਰਸ਼ੰਸਕ ਮੌਸਮ ਦੇ ਸੁਧਰਨ ਦੀ ਉਮੀਦ ਕਰ ਰਹੇ ਹਨ। ਹਾਲਾਂਕਿ, ਮੈਲਬੌਰਨ ਦੇ ਮੌਸਮ ਵਿੱਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਫਾਈਨਲ ਮੈਚ ਨੂੰ ਰਿਜ਼ਰਵ ਡੇਅ ਵਿੱਚ ਤਬਦੀਲ ਕਰਨਾ ਪਵੇਗਾ।


ਸ਼ਾਮ ਤੱਕ ਲਗਾਤਾਰ ਮੀਂਹ ਪੈਣ ਦੀ ਹੈ ਸੰਭਾਵਨਾ 


ਮੈਲਬੌਰਨ 'ਚ ਭਾਵੇਂ ਅੱਜ ਸਵੇਰੇ ਧੁੱਪ ਨਿਕਲੀ ਪਰ ਕੁਝ ਦੇਰ ਬਾਅਦ ਹੀ ਕਾਲੇ ਬੱਦਲਾਂ ਨੇ ਸ਼ਹਿਰ ਨੂੰ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਸ਼ਾਮ ਸਾਢੇ ਪੰਜ ਵਜੇ ਤੋਂ ਲਗਾਤਾਰ ਮੀਂਹ ਪੈ ਸਕਦਾ ਹੈ। ਆਸਟ੍ਰੇਲੀਆ ਦੇ ਸਮੇਂ ਮੁਤਾਬਕ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਣਾ ਹੈ ਅਤੇ ਜੇ ਸ਼ੁਰੂ ਹੋਣ ਤੋਂ ਡੇਢ ਘੰਟਾ ਪਹਿਲਾਂ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤਾਂ ਮੈਚ ਨੂੰ ਸਮੇਂ 'ਤੇ ਸ਼ੁਰੂ ਕਰਨਾ ਸੰਭਵ ਨਹੀਂ ਹੋਵੇਗਾ। ਜੇਕਰ ਮੀਂਹ ਲਗਾਤਾਰ ਜਾਰੀ ਰਿਹਾ ਤਾਂ ਮੈਚ ਦਾ ਆਯੋਜਨ ਸੰਭਵ ਨਹੀਂ ਹੋਵੇਗਾ।


ਸੋਮਵਾਰ ਹੈ ਰਿਜ਼ਰਵ ਡੇਅ


ਕੌਮਾਂਤਰੀ ਕ੍ਰਿਕਟ ਕੌਂਸਲ ਨੇ ਮੀਂਹ ਨਾਲ ਨਜਿੱਠਣ ਲਈ ਮੈਚ ਵਿੱਚ ਡੇਢ ਘੰਟੇ ਦਾ ਵਾਧੂ ਸਮਾਂ ਜੋੜ ਦਿੱਤਾ ਹੈ, ਜਿਸ ਦੀ ਵਰਤੋਂ ਅੱਜ ਕੀਤੀ ਜਾ ਸਕਦੀ ਹੈ। ਹਾਲਾਂਕਿ ਅੱਜ ਮੀਂਹ ਕਾਰਨ ਮੈਚ ਨਹੀਂ ਹੋ ਸਕਿਆ ਪਰ ਫਿਰ ਵੀ ਇਹ ਮੈਚ ਸੋਮਵਾਰ ਨੂੰ ਹੋਵੇਗਾ। ਸੋਮਵਾਰ ਲਈ ਆਸਟ੍ਰੇਲੀਆਈ ਸਮੇਂ ਅਨੁਸਾਰ ਦੁਪਹਿਰ 3 ਵਜੇ ਦਾ ਸਮਾਂ ਰੱਖਿਆ ਗਿਆ ਹੈ ਅਤੇ ਇਸ ਵਿੱਚ 2 ਘੰਟੇ ਦਾ ਵਾਧੂ ਸਮਾਂ ਵੀ ਦਿੱਤਾ ਗਿਆ ਹੈ। ਹਾਲਾਂਕਿ ਸੋਮਵਾਰ ਨੂੰ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਅਜਿਹੇ 'ਚ ਟੂਰਨਾਮੈਂਟ ਦੇ ਪ੍ਰਬੰਧਕਾਂ ਲਈ ਦੋਵੇਂ ਦਿਨ ਮੈਚ ਕਰਵਾਉਣਾ ਵੱਡੀ ਚੁਣੌਤੀ ਹੋਵੇਗੀ।