ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਮੁਖੀ ਮੋਹਸਿਨ ਨਕਵੀ (Mohsin Naqvi) ਨੇ ਹੁਕਮ ਦਿੱਤਾ ਹੈ ਕਿ ਹੁਣ ਹਰ ਖਿਡਾਰੀ ਦਾ ਤਿੰਨ ਮਹੀਨਿਆਂ 'ਚ ਫਿਟਨੈੱਸ ਟੈਸਟ ਹੋਵੇਗਾ। ਟੀ-20 ਵਿਸ਼ਵ ਕੱਪ (T20 world cup 2024) 'ਚ ਪਾਕਿਸਤਾਨੀ ਖਿਡਾਰੀਆਂ ਦੀ ਫਿਟਨੈੱਸ 'ਤੇ ਸਵਾਲ ਉੱਠ ਰਹੇ ਸਨ, ਜਿਸ ਦੇ ਮੱਦੇਨਜ਼ਰ ਪੀਸੀਬੀ ਨੇ ਇਹ ਫੈਸਲਾ ਲਿਆ ਹੈ। ਮੋਹਸਿਨ ਨਕਵੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਨੁਸ਼ਾਸਨ ਅਤੇ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਪੀਸੀਬੀ ਮੁਖੀ ਨੇ ਸਮੂਹ ਖਿਡਾਰੀਆਂ ਨੂੰ ਸਮੂਹਿਕ ਤੌਰ 'ਤੇ ਚੇਤਾਵਨੀ ਵੀ ਦਿੱਤੀ। ਪੀਸੀਬੀ ਨੇ 2024 ਟੀ-20 ਵਿਸ਼ਵ ਕੱਪ 'ਚ ਪਾਕਿਸਤਾਨੀ ਟੀਮ ਦੇ ਖਰਾਬ ਪ੍ਰਦਰਸ਼ਨ 'ਤੇ ਮੰਥਨ ਤੋਂ ਬਾਅਦ ਇਹ ਆਦੇਸ਼ ਤੇ ਸੁਝਾਅ ਦਿੱਤੇ ਹਨ। ਪੀਸੀਬੀ ਨੇ ਹੁਣ ਪਾਕਿਸਤਾਨੀ ਖਿਡਾਰੀਆਂ ਲਈ ਸਖ਼ਤ ਨਿਯਮ ਬਣਾਉਣ 'ਤੇ ਜ਼ੋਰ ਦਿੱਤਾ ਹੈ।


ਅਨੁਸ਼ਾਸਨ 'ਤੇ ਕੋਈ ਸਮਝੌਤਾ ਨਹੀਂ - ਮੋਹਸਿਨ ਨਕਵੀ


ਮੋਹਸਿਨ ਨਕਵੀ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਇੱਕ ਬਿਆਨ 'ਚ ਕਿਹਾ, "ਅਨੁਸ਼ਾਸਨ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਖਿਡਾਰੀਆਂ ਦੇ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਹੋਵੇਗੀ। ਟੀਮ ਦੇ ਅੰਦਰ ਏਕਤਾ ਤੇ ਸਹਿਮਤੀ ਹੋਣੀ ਚਾਹੀਦੀ ਹੈ। ਟੀਮ ਨੂੰ ਵੰਡਣਾ ਜਾਂ ਗਰੁੱਪ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਬੋਰਡ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਟੀਮ ਚੋਣ ਵਿੱਚ ਕੋਚ ਗੈਰੀ ਕਰਸਟਨ ਅਤੇ ਜੇਸਨ ਗਿਲੇਸਪੀ ਸ਼ਾਮਲ ਹੋਣਗੇ। ਮੋਹਸਿਨ ਨਕਵੀ ਨੇ ਕਿਹਾ, "ਗੈਰੀ ਕਰਸਟਨ ਅਤੇ ਜੇਸਨ ਗਿਲੇਸਪੀ ਪੂਰੀ ਤਰ੍ਹਾਂ ਤਾਕਤਵਰ ਹਨ। ਮੈਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਹੈ। ਗੈਰੀ ਕਰਸਟਨ ਅਤੇ ਜੇਸਨ ਗਿਲੇਸਪੀ ਨੂੰ ਫਰੀ ਹੈਂਡ ਦਿੱਤਾ ਗਿਆ ਹੈ। ਮੈਨੂੰ ਉਮੀਦ ਹੈ ਕਿ ਇਹ ਦੋਵੇਂ ਵਧੀਆ ਨਤੀਜੇ ਦੇਣਗੇ।"


ਤੁਹਾਨੂੰ ਦੱਸ ਦੇਈਏ ਕਿ 2024 ਦੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਟੀਮ ਨੂੰ ਪਹਿਲਾਂ ਅਮਰੀਕਾ ਅਤੇ ਫਿਰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਾਬਰ ਆਜ਼ਮ ਦੀ ਟੀਮ ਸੁਪਰ-8 ਵਿੱਚ ਵੀ ਥਾਂ ਨਹੀਂ ਬਣਾ ਸਕੀ ਅਤੇ ਲੀਗ ਪੜਾਅ ਵਿੱਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਖਬਰਾਂ ਆਈਆਂ ਕਿ ਟੀਮ ਦੋ ਗਰੁੱਪਾਂ ਵਿੱਚ ਵੰਡੀ ਗਈ ਹੈ। ਸ਼ਾਹੀਨ ਅਫਰੀਦੀ ਦੇ ਕੋਚ ਗੈਰੀ ਨਾਲ ਦੁਰਵਿਵਹਾਰ ਕਰਨ ਦੀਆਂ ਖਬਰਾਂ ਵੀ ਆਈਆਂ ਸਨ।