Rahul Dravid On Shubman Gill: ਭਾਰਤੀ ਟੀਮ ਨੂੰ ਵੈਸਟਇੰਡੀਜ਼ ਖਿਲਾਫ ਬਾਰਬਾਡੋਸ ਵਨਡੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ 3 ਵਨਡੇ ਮੈਚਾਂ ਦੀ ਸੀਰੀਜ਼ 1-1 ਦੀ ਬਰਾਬਰੀ 'ਤੇ ਆ ਗਈ ਹੈ। ਅਹਿਮ ਗੱਲ ਹੈ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਬਾਰਬਾਡੋਸ ਵਨਡੇ ਵਿੱਚ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ। ਭਾਰਤੀ ਟੀਮ ਪ੍ਰਬੰਧਨ ਨੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਜਗ੍ਹਾ ਸੰਜੂ ਸੈਮਸਨ ਤੇ ਅਕਸ਼ਰ ਪਟੇਲ ਨੂੰ ਖੇਡਣ ਦਾ ਮੌਕਾ ਦਿੱਤਾ, ਪਰ ਦੋਵੇਂ ਖਿਡਾਰੀਆਂ ਨੇ ਨਿਰਾਸ਼ ਕੀਤਾ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਖਰਾਬ ਫਾਰਮ ਵੀ ਮੁਸੀਬਤ ਦਾ ਕਾਰਨ ਬਣੀ ਹੋਈ ਹੈ।


ਸ਼ੁਭਮਨ ਗਿੱਲ ਦੇ ਲਗਾਤਾਰ ਫਲਾਪ ਹੋਣ 'ਤੇ ਰਾਹੁਲ ਦ੍ਰਾਵਿੜ ਨੇ ਕੀ ਕਿਹਾ?
ਹਾਲਾਂਕਿ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੇ ਸ਼ੁਭਮਨ ਗਿੱਲ ਦੇ ਲਗਾਤਾਰ ਫਲਾਪ ਹੋਣ 'ਤੇ ਬਿਆਨ ਦਿੱਤਾ ਹੈ। ਦਰਅਸਲ, ਭਾਰਤੀ ਕੋਚ ਨੇ ਸ਼ੁਭਮਨ ਗਿੱਲ ਦਾ ਬਚਾਅ ਕੀਤਾ ਹੈ। ਰਾਹੁਲ ਦ੍ਰਾਵਿੜ ਨੇ ਕਿਹਾ ਕਿ ਉਹ ਸ਼ੁਭਮਨ ਗਿੱਲ ਦੀ ਫਾਰਮ ਤੋਂ ਬਿਲਕੁਲ ਵੀ ਚਿੰਤਤ ਨਹੀਂ ਹਨ। ਸ਼ੁਭਮਨ ਗਿੱਲ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਉਹ ਨੈੱਟ 'ਤੇ ਵਧੀਆ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਸੀਂ ਹਰ ਦੂਜੇ ਮੈਚ ਤੋਂ ਬਾਅਦ ਕਿਸੇ ਖਿਡਾਰੀ ਦੀ ਆਲੋਚਨਾ ਨਹੀਂ ਕਰ ਸਕਦੇ।


ਵੈਸਟਇੰਡੀਜ਼ 'ਚ ਬੱਲੇਬਾਜ਼ੀ ਕਰਨਾ ਆਸਾਨ ਨਹੀਂ: ਰਾਹੁਲ ਦ੍ਰਾਵਿੜ
ਰਾਹੁਲ ਦ੍ਰਾਵਿੜ ਨੇ ਕਿਹਾ ਕਿ ਵੈਸਟਇੰਡੀਜ਼ 'ਚ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਹੈ। ਇੱਥੇ ਹਾਲਾਤ ਬੱਲੇਬਾਜ਼ਾਂ ਦੇ ਮੁਤਾਬਕ ਨਹੀਂ ਹਨ। ਭਾਰਤੀ ਕੋਚ ਨੇ ਕਿਹਾ ਕਿ ਸ਼ੁਭਮਨ ਗਿੱਲ ਟੈਸਟ ਤੇ ਵਨਡੇ ਮੈਚਾਂ ਤੋਂ ਇਲਾਵਾ ਟੀ-20 ਫਾਰਮੈਟ 'ਚ ਸਾਡੇ ਲਈ ਬਹੁਤ ਮਹੱਤਵਪੂਰਨ ਖਿਡਾਰੀ ਹਨ। 


ਗੌਰਤਲਬ ਹੈ ਕਿ ਸ਼ੁਭਮਨ ਗਿੱਲ ਵੈਸਟਇੰਡੀਜ਼ ਦੌਰੇ 'ਤੇ ਲਗਾਤਾਰ ਫਲਾਪ ਸਾਬਤ ਹੋ ਰਹੇ ਹਨ। ਟੈਸਟ ਸੀਰੀਜ਼ ਦੇ ਦੋ ਮੈਚਾਂ 'ਚ ਇਸ ਖਿਡਾਰੀ ਨੇ ਨਿਰਾਸ਼ ਕੀਤਾ। ਇਸ ਦੇ ਨਾਲ ਹੀ ਹੁਣ ਵਨਡੇ ਸੀਰੀਜ਼ ਦੇ ਪਹਿਲੇ 2 ਮੈਚਾਂ 'ਚ ਕੁਝ ਖਾਸ ਨਹੀਂ ਕਰ ਸਕੇ। ਇਸ ਤੋਂ ਬਾਅਦ ਸ਼ੁਭਮਨ ਗਿੱਲ ਲਗਾਤਾਰ ਆਲੋਚਨਾ ਦਾ ਸ਼ਿਕਾਰ ਹੋ ਰਹੇ ਹਨ।


ਦੱਸ ਦੇਈਏ ਕਿ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਵਨਡੇ ਬਾਰਬਾਡੋਸ ਵਿੱਚ ਖੇਡਿਆ ਗਿਆ ਸੀ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 40.5 ਓਵਰਾਂ 'ਚ 181 ਦੌੜਾਂ 'ਤੇ ਆਲ ਆਊਟ ਹੋ ਗਈ। ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਨੇ 36.4 ਓਵਰਾਂ 'ਚ 4 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ। ਮੈਚ 'ਚ ਵਿੰਡੀਜ਼ ਦੇ ਕਪਤਾਨ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ 'ਪਲੇਅਰ ਆਫ ਦਾ ਮੈਚ' ਦਾ ਖਿਤਾਬ ਦਿੱਤਾ ਗਿਆ।