Ajinkya Rahane: ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਮੁੰਬਈ ਦੇ ਕਪਤਾਨ ਅਜਿੰਕਿਆ ਰਹਾਣੇ ਸਿਰਫ਼ 3 ਦੌੜਾਂ ਬਣਾ ਕੇ ਬੋਲਡ ਹੋ ਗਏ। ਬੜੌਦਾ ਦੇ ਭਾਰਗਵ ਭੱਟ ਨੇ ਉਸ ਨੂੰ ਪਵੇਲੀਅਨ ਭੇਜਿਆ। ਰਹਾਣੇ ਨਾ ਸਿਰਫ ਇਸ ਮੈਚ 'ਚ ਸਗੋਂ ਇਸ ਵਾਰ ਪੂਰੀ ਰਣਜੀ ਟਰਾਫੀ 'ਚ ਫਲਾਪ ਰਹੇ ਹਨ। ਇਹ ਉਸ ਦਾ ਇਸ ਸੀਜ਼ਨ ਦਾ ਛੇਵਾਂ ਰਣਜੀ ਮੈਚ ਹੈ। ਉਸ ਨੇ 9 ਪਾਰੀਆਂ ਖੇਡੀਆਂ ਹਨ ਪਰ ਇਸ ਦੌਰਾਨ ਉਹ ਸਿਰਫ਼ ਇੱਕ ਵਾਰ 25 ਦੌੜਾਂ ਹੀ ਪਾਰ ਕਰ ਸਕਿਆ ਹੈ। ਘਰੇਲੂ ਕ੍ਰਿਕਟ 'ਚ ਉਸ ਦੇ ਫਲਾਪ ਸ਼ੋਅ ਕਾਰਨ ਹੁਣ ਉਸ ਨੂੰ ਟੀਮ ਇੰਡੀਆ ਤੋਂ ਪੱਕੀ ਛੁੱਟੀ ਮਿਲ ਸਕਦੀ ਹੈ।


ਅਜਿੰਕਿਆ ਰਹਾਣੇ ਆਖਰੀ ਵਾਰ ਜੁਲਾਈ 2023 ਵਿੱਚ ਟੀਮ ਇੰਡੀਆ ਦੀ ਜਰਸੀ ਵਿੱਚ ਨਜ਼ਰ ਆਏ ਸੀ। ਉਹ ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੀਮ ਦਾ ਹਿੱਸਾ ਸਨ। ਪਰ ਇਸ ਤੋਂ ਬਾਅਦ ਉਸ ਨੂੰ ਨਾ ਤਾਂ ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦੀ ਟੈਸਟ ਟੀਮ 'ਚ ਜਗ੍ਹਾ ਮਿਲੀ ਅਤੇ ਨਾ ਹੀ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਮੌਜੂਦਾ ਟੈਸਟ ਸੀਰੀਜ਼ 'ਚ ਮੌਕਾ ਮਿਲਿਆ। ਉਸ ਕੋਲ ਰਣਜੀ ਟਰਾਫੀ ਖੇਡ ਕੇ ਆਪਣੀ ਫਾਰਮ ਨੂੰ ਸਾਬਤ ਕਰਨ ਅਤੇ ਟੀਮ ਇੰਡੀਆ 'ਚ ਵਾਪਸੀ ਦੀਆਂ ਉਮੀਦਾਂ ਜਗਾਉਣ ਦਾ ਮੌਕਾ ਸੀ ਪਰ ਉਸ ਨੇ ਇਹ ਮੌਕਾ ਵੀ ਗੁਆ ਦਿੱਤਾ।


ਰਹਾਣੇ ਨੇ ਇਸ ਸੀਜ਼ਨ ਰਣਜੀ ਟਰਾਫੀ ਦੀਆਂ ਆਪਣੀਆਂ ਨੌਂ ਪਾਰੀਆਂ ਵਿੱਚ ਕ੍ਰਮਵਾਰ 0,0,16,8,9,1,56,22 ਅਤੇ 3 ਦੌੜਾਂ ਬਣਾਈਆਂ। ਮਤਲਬ ਕਿ ਉਹ ਸਿਰਫ ਇਕ ਵਾਰ ਅਰਧ ਸੈਂਕੜਾ ਲਗਾ ਸਕਿਆ। ਬਾਕੀ ਅੱਠ ਪਾਰੀਆਂ ਵਿੱਚ ਉਸਦਾ ਸਕੋਰ 22 ਤੋਂ ਵੱਧ ਨਹੀਂ ਹੋ ਸਕਿਆ। ਰਹਾਣੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਪਹਿਲੀ ਵਾਰ ਇੰਨੇ ਬੁਰੇ ਦੌਰ 'ਚੋਂ ਗੁਜ਼ਰ ਰਿਹਾ ਹੈ।


ਪੱਕੀ ਛੁੱਟੀ ਦੇ ਇਹ ਵੀ ਕਾਰਨ  


ਟੀਮ ਇੰਡੀਆ ਦੀ ਟੈਸਟ ਟੀਮ ਨੌਜਵਾਨ ਖਿਡਾਰੀਆਂ ਨਾਲ ਭਰੀ ਹੋਈ ਹੈ। ਖਾਸ ਗੱਲ ਇਹ ਹੈ ਕਿ ਹਰ ਕੋਈ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਯਸ਼ਸਵੀ ਜੈਸਵਾਲ, ਸਰਫਰਾਜ਼ ਖਾਨ, ਧਰੁਵ ਜੁਰੇਲ, ਕੇਐਸ ਭਰਤ ਵਰਗੇ ਨਵੇਂ ਖਿਡਾਰੀਆਂ ਨੇ ਟੈਸਟ ਵਿੱਚ ਮਿਲੇ ਮੌਕਿਆਂ ਦਾ ਵਧੀਆ ਫਾਇਦਾ ਉਠਾਇਆ ਹੈ। ਅਜਿਹੇ 'ਚ ਰਹਾਣੇ ਵਰਗੇ ਦਿੱਗਜ ਖਿਡਾਰੀ ਲਈ ਟੀਮ ਇੰਡੀਆ 'ਚ ਵਾਪਸੀ ਕਰਨਾ ਅਸੰਭਵ ਜਾਪਦਾ ਹੈ।


ਰਹਾਣੇ ਨੇ ਨਾਂਅ ਟੈਸਟ 'ਚ 5000 ਤੋਂ ਵੱਧ ਦੌੜਾਂ


ਅਜਿੰਕਿਆ ਰਹਾਣੇ ਲੰਬੇ ਸਮੇਂ ਤੋਂ ਟੀਮ ਇੰਡੀਆ ਲਈ ਟੈਸਟ ਖੇਡ ਚੁੱਕੇ ਹਨ। ਉਸਨੇ ਭਾਰਤੀ ਟੀਮ ਲਈ ਕੁੱਲ 85 ਟੈਸਟ ਮੈਚ ਖੇਡੇ। ਇਸ ਦੌਰਾਨ ਉਸ ਨੇ 38.46 ਦੀ ਔਸਤ ਨਾਲ 5077 ਦੌੜਾਂ ਬਣਾਈਆਂ। ਉਸ ਨੇ ਟੀਮ ਇੰਡੀਆ ਲਈ ਟੈਸਟ ਵਿੱਚ 12 ਸੈਂਕੜੇ ਅਤੇ 26 ਅਰਧ ਸੈਂਕੜੇ ਵੀ ਲਗਾਏ। ਉਸਨੇ ਭਾਰਤ ਲਈ 90 ਵਨਡੇ ਮੈਚ ਵੀ ਖੇਡੇ। ਉਸ ਨੇ ਵਨਡੇ ਵਿੱਚ 2962 ਦੌੜਾਂ ਬਣਾਈਆਂ।