Jadeja And Ashwin Bowling Pair Complete 500 Test Wicket: ਵੈਸਟਇੰਡੀਜ਼ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ ਦੇ ਜ਼ਰੀਏ ਭਾਰਤੀ ਸਪਿਨਰਾਂ ਆਰ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਜੋੜੀ ਨੇ ਇਤਿਹਾਸ ਰਚਦਿਆਂ 500 ਵਿਕਟਾਂ ਪੂਰੀਆਂ ਕੀਤੀਆਂ। ਅਸ਼ਵਿਨ ਤੇ ਜਡੇਜਾ ਦੀ ਜੋੜੀ ਟੈਸਟ ਕ੍ਰਿਕਟ ਵਿੱਚ 500 ਵਿਕਟਾਂ ਲੈਣ ਵਾਲੀ ਦੂਜੀ ਭਾਰਤੀ ਜੋੜੀ ਬਣ ਗਈ ਹੈ। ਇਸ ਤੋਂ ਪਹਿਲਾਂ ਅਨਿਲ ਕੁੰਬਲੇ ਤੇ ਹਰਭਜਨ ਸਿੰਘ ਦੀ ਜੋੜੀ ਨੇ ਇਹ ਕਾਰਨਾਮਾ ਕੀਤਾ ਸੀ।


ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਪੋਰਟ ਆਫ ਸਪੇਨ 'ਚ ਖੇਡੇ ਜਾ ਰਹੇ ਦੂਜੇ ਟੈਸਟ ਦੀ ਆਖਰੀ ਪਾਰੀ 'ਚ ਆਰ ਅਸ਼ਵਿਨ ਨੇ ਚੌਥੇ ਦਿਨ ਦੀ ਸਮਾਪਤੀ ਤੱਕ 2 ਵਿਕਟਾਂ ਲਈਆਂ। ਵੈਸਟਇੰਡੀਜ਼ ਦੀ ਟੀਮ 365 ਦੌੜਾਂ ਦਾ ਪਿੱਛਾ ਕਰ ਰਹੀ ਹੈ। ਅਸ਼ਵਿਨ ਨੇ ਵੈਸਟਇੰਡੀਜ਼ ਦੇ ਕਪਤਾਨ ਕ੍ਰੈਗ ਬ੍ਰੈਥਵੇਟ ਤੇ ਕਿਰਕ ਮੈਕੇਂਜੀ ਦੀਆਂ ਵਿਕਟਾਂ ਲੈ ਕੇ ਰਵਿੰਦਰ ਜਡੇਜਾ ਦੇ ਨਾਲ ਜੋੜੀ ਵਜੋਂ 500 ਵਿਕਟਾਂ ਪੂਰੀਆਂ ਕੀਤੀਆਂ। ਇਸ ਦੌਰਾਨ ਅਸ਼ਵਿਨ ਨੇ 274 ਤੇ ਰਵਿੰਦਰ ਜਡੇਜਾ ਨੇ 266 ਵਿਕਟਾਂ ਲਈਆਂ।


ਇਸ ਤੋਂ ਪਹਿਲਾਂ ਅਨਿਲ ਕੁੰਬਲੇ ਤੇ ਹਰਭਜਨ ਸਿੰਘ ਦੀ ਜੋੜੀ ਨੇ ਇਕੱਠੇ ਖੇਡਦੇ ਹੋਏ 501 ਟੈਸਟ ਵਿਕਟਾਂ ਲਈਆਂ ਸੀ। ਇਸ ਵਿੱਚ ਅਨਿਲ ਕੁੰਬਲੇ ਨੇ 281 ਤੇ ਹਰਭਜਨ ਸਿੰਘ ਨੇ 220 ਵਿਕਟਾਂ ਲਈਆਂ ਸੀ। ਕੁੰਬਲੇ ਤੇ ਹਰਭਜਨ ਸਿੰਘ ਦੀ ਜੋੜੀ ਨੇ 54ਵੇਂ ਟੈਸਟ 'ਚ 501 ਵਿਕਟਾਂ ਦੇ ਅੰਕੜੇ ਨੂੰ ਛੂਹਿਆ ਸੀ, ਜਦਕਿ ਅਸ਼ਵਿਨ ਤੇ ਜਡੇਜਾ ਦੀ ਜੋੜੀ ਨੇ 49ਵੇਂ ਟੈਸਟ 'ਚ ਹੀ 500 ਵਿਕਟਾਂ ਦੇ ਅੰਕੜੇ ਨੂੰ ਛੂਹ ਲਿਆ।



ਟੈਸਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਭਾਰਤੀ ਜੋੜੀ
ਅਨਿਲ ਕੁੰਬਲੇ (281) ਤੇ ਹਰਭਜਨ ਸਿੰਘ (220)- 54 ਟੈਸਟ ਮੈਚਾਂ 'ਚ 501 ਵਿਕਟਾਂ।
ਆਰ ਅਸ਼ਵਿਨ (274) ਤੇ ਰਵਿੰਦਰ ਜਡੇਜਾ (226) - 49 ਟੈਸਟਾਂ ਵਿੱਚ 500 ਵਿਕਟਾਂ।
ਬਿਸ਼ਨ ਬੇਦੀ (184) ਤੇ ਬੀਐਸ ਚੰਦਰਸ਼ੇਖਰ (184) - 42 ਟੈਸਟਾਂ ਵਿੱਚ 368 ਵਿਕਟਾਂ।



ਅਸ਼ਵਿਨ ਤੇ ਜਡੇਜਾ ਦਾ ਹੁਣ ਤੱਕ ਦਾ ਟੈਸਟ ਕਰੀਅਰ
ਅਸ਼ਵਿਨ ਨੇ ਆਪਣੇ ਕਰੀਅਰ 'ਚ 93 ਟੈਸਟ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 176 ਪਾਰੀਆਂ 'ਚ ਗੇਂਦਬਾਜ਼ੀ ਕਰਦੇ ਹੋਏ ਉਸ ਨੇ 23.61 ਦੀ ਔਸਤ ਨਾਲ 486 ਵਿਕਟਾਂ ਹਾਸਲ ਕੀਤੀਆਂ ਹਨ। ਅਸ਼ਵਿਨ ਨੇ ਨਵੰਬਰ 2011 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਬੱਲੇਬਾਜ਼ੀ ਵਿੱਚ ਉਨ੍ਹਾਂ ਨੇ 131 ਪਾਰੀਆਂ ਵਿੱਚ 26.97 ਦੀ ਔਸਤ ਨਾਲ 3129 ਦੌੜਾਂ ਬਣਾਈਆਂ ਹਨ। ਇਸ ਵਿੱਚ 5 ਸੈਂਕੜੇ ਤੇ 13 ਅਰਧ ਸੈਂਕੜੇ ਸ਼ਾਮਲ ਹਨ।


ਜਦਕਿ ਜਡੇਜਾ ਹੁਣ ਤੱਕ 66 ਟੈਸਟ ਖੇਡ ਚੁੱਕੇ ਹਨ। ਇਨ੍ਹਾਂ ਮੈਚਾਂ ਦੀਆਂ 126 ਪਾਰੀਆਂ 'ਚ ਗੇਂਦਬਾਜ਼ੀ ਕਰਦੇ ਹੋਏ ਜਡੇਜਾ ਨੇ 24.07 ਦੀ ਔਸਤ ਨਾਲ 273 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ ਬੱਲੇ ਨਾਲ 36.09 ਦੀ ਔਸਤ ਨਾਲ 2743 ਦੌੜਾਂ ਬਣਾਈਆਂ ਹਨ। ਇਸ 'ਚ ਉਨ੍ਹਾਂ ਨੇ 3 ਸੈਂਕੜੇ ਅਤੇ 18 ਅਰਧ ਸੈਂਕੜੇ ਲਗਾਏ ਹਨ।