Rohit Sharma' Test Captaincy: ਵਿਰਾਟ ਕੋਹਲੀ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਤਿੰਨੋਂ ਫਾਰਮੈਟਾਂ ਵਿੱਚ ਭਾਰਤੀ ਟੀਮ ਦਾ ਫੁਲ ਟਾਇਮ ਕਪਤਾਨ ਬਣਾਇਆ ਗਿਆ ਸੀ। ਕੋਹਲੀ ਨੇ ਇਸ ਤੋਂ ਪਹਿਲਾਂ ਸਫੇਦ ਗੇਂਦ ਦੀ ਕਪਤਾਨੀ ਛੱਡ ਦਿੱਤੀ ਸੀ। ਇਸ ਤੋਂ ਬਾਅਦ 2022 ਦੀ ਸ਼ੁਰੂਆਤ 'ਚ ਅਫਰੀਕਾ ਦੌਰੇ 'ਤੇ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਕੋਹਲੀ ਨੇ ਵੀ ਟੈਸਟ ਕਪਤਾਨੀ ਨੂੰ ਅਲਵਿਦਾ ਕਹਿ ਦਿੱਤਾ। ਫਿਰ ਰੋਹਿਤ ਸ਼ਰਮਾ ਟੀਮ ਦੇ ਟੈਸਟ ਕਪਤਾਨ ਬਣੇ। ਪਰ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਰੋਹਿਤ ਸ਼ਰਮਾ ਟੈਸਟ ਕਪਤਾਨ ਨਹੀਂ ਬਣਨਾ ਚਾਹੁੰਦੇ ਸਨ।


ਪੀਟੀਆਈ ਸੂਤਰਾਂ ਮੁਤਾਬਕ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਕੱਤਰ ਜੈ ਸ਼ਾਹ ਨੇ ਰੋਹਿਤ ਸ਼ਰਮਾ ਨੂੰ ਟੈਸਟ ਕਪਤਾਨ ਬਣਾਉਣ ਲਈ ਮਨਾ ਲਿਆ। ਇਸ ਤੋਂ ਬਾਅਦ ਰੋਹਿਤ ਸ਼ਰਮਾ ਟੈਸਟ ਦੀ ਕਪਤਾਨੀ ਕਰਨ ਲਈ ਤਿਆਰ ਸਨ। ਦਰਅਸਲ, ਕੇਐੱਲ ਰਾਹੁਲ ਅਫਰੀਕਾ ਦੌਰੇ 'ਤੇ ਕਪਤਾਨ ਦੇ ਤੌਰ 'ਤੇ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੇ।


ਰੋਹਿਤ ਦੀ ਕਪਤਾਨੀ 'ਚ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰੀ...


ਹਾਲ ਹੀ 'ਚ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੂੰ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ 209 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਟੈਸਟ ਕਪਤਾਨੀ ਤੋਂ ਹਟਾਉਣ ਦੀ ਮੰਗ ਜ਼ੋਰਾਂ 'ਤੇ ਹੈ।


ਹੁਣ ਟੀਮ ਇੰਡੀਆ ਵੈਸਟਇੰਡੀਜ਼ ਦਾ ਦੌਰਾ ਕਰੇਗੀ, ਜਿੱਥੇ ਟੀਮ 2 ਟੈਸਟ, 3 ਵਨਡੇ ਅਤੇ 5 ਟੀ-20 ਅੰਤਰਰਾਸ਼ਟਰੀ ਮੈਚ ਖੇਡੇਗੀ। ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਹਿਤ ਸ਼ਰਮਾ ਨੂੰ ਟੈਸਟ ਕਪਤਾਨੀ ਤੋਂ ਹਟਾਏ ਜਾਣ ਦੀਆਂ ਗੱਲਾਂ ਬੇਬੁਨਿਆਦ ਅਫਵਾਹਾਂ ਹਨ। ਹਾਲਾਂਕਿ ਇਹ ਸੰਭਵ ਹੈ ਕਿ ਵੈਸਟਇੰਡੀਜ਼ ਦੌਰੇ ਤੋਂ ਬਾਅਦ ਉਹ ਬੀਸੀਸੀਆਈ ਨਾਲ ਬੈਠ ਕੇ ਆਪਣੇ ਟੈਸਟ ਭਵਿੱਖ ਬਾਰੇ ਫੈਸਲਾ ਕਰਨਗੇ।


ਕਪਤਾਨ ਵਜੋਂ ਰੋਹਿਤ ਸ਼ਰਮਾ ਦੇ ਹੁਣ ਤੱਕ ਦੇ ਅੰਕੜੇ


ਰੋਹਿਤ ਸ਼ਰਮਾ ਨੇ ਹੁਣ ਤੱਕ 7 ਟੈਸਟ ਮੈਚਾਂ 'ਚ ਟੀਮ ਦੀ ਕਪਤਾਨੀ ਕੀਤੀ ਹੈ, ਜਿਸ 'ਚ ਟੀਮ ਨੇ 4 ਜਿੱਤੇ ਹਨ ਅਤੇ 2 ਹਾਰੇ ਹਨ, ਜਦਕਿ ਇਕ ਡਰਾਅ ਰਿਹਾ ਹੈ। ਇਸ ਦੇ ਨਾਲ ਹੀ ਵਨਡੇ 'ਚ ਉਸ ਨੇ 26 ਮੈਚਾਂ 'ਚ ਭਾਰਤੀ ਟੀਮ ਦੀ ਕਮਾਨ ਸੰਭਾਲੀ ਹੈ, ਜਿਸ 'ਚ ਭਾਰਤ ਨੇ 19 ਮੈਚ ਜਿੱਤੇ ਹਨ ਅਤੇ 7 ਹਾਰੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁੱਲ 51 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਭਾਰਤ ਦੀ ਕਪਤਾਨੀ ਕੀਤੀ ਹੈ, ਜਿਸ 'ਚ ਟੀਮ ਨੇ 39 ਜਿੱਤੇ ਹਨ ਅਤੇ 12 ਮੈਚਾਂ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।