Shubman Gill Statement On WTC Final: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੱਲ ਯਾਨੀ ਬੁੱਧਵਾਰ, 7 ਜੂਨ ਨੂੰ ਲੰਡਨ ਦੇ ਕੇਨਿੰਗਟਨ ਓਵਲ 'ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਓਪਨਰ ਸ਼ੁਭਮਨ ਗਿੱਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਈਪੀਐਲ ਦੀ ਲੈਅ ਨਾਲ ਆਤਮਵਿਸ਼ਵਾਸ ਵਧੇਗਾ ਪਰ ਇਹ ਫਾਈਨਲ ਮੈਚ ਬਿਲਕੁਲ ਵੱਖਰਾ ਹੋਣ ਵਾਲਾ ਹੈ।


ਆਈਪੀਐੱਲ ਦੀ ਸ਼ਾਨਦਾਰ ਫਾਰਮ ਨੇ ਬੁੱਧਵਾਰ ਤੋਂ ਆਸਟਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤ ਦੇ ਸਟਾਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦਾ ਆਤਮਵਿਸ਼ਵਾਸ ਵਧਾਇਆ ਹੈ, ਪਰ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਪੰਜ ਦਿਨਾ ਮੈਚ ਟੀ-20 ਤੋਂ ਬਿਲਕੁਲ ਵੱਖਰਾ ਹੋਵੇਗਾ।


ਗਿੱਲ ਇਸ ਸਾਲ ਦੇ ਆਈਪੀਐਲ ਵਿੱਚ ਗੁਜਰਾਤ ਟਾਈਟਨਜ਼ ਲਈ 60 ਦੀ ਔਸਤ ਨਾਲ 890 ਦੌੜਾਂ ਬਣਾ ਕੇ ਟੂਰਨਾਮੈਂਟ ਦਾ ਸਭ ਤੋਂ ਸਫਲ ਬੱਲੇਬਾਜ਼ ਰਿਹਾ। ਉਸ ਨੇ ਇਸ ਦੌਰਾਨ ਤਿੰਨ ਸੈਂਕੜੇ ਵੀ ਲਗਾਏ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਟੈਸਟ ਕ੍ਰਿਕਟ ਟੀ-20 ਕ੍ਰਿਕਟ ਤੋਂ ਬਿਲਕੁਲ ਵੱਖਰਾ ਹੈ।


ਸ਼ੁਭਮਨ ਗਿੱਲ ਨੇ ਆਈ.ਸੀ.ਸੀ. ਨੂੰ ਕਿਹਾ, "ਇਹ ਤੁਹਾਨੂੰ (ਆਈ.ਪੀ.ਐੱਲ. ਤੋਂ) ਥੋੜਾ ਆਤਮਵਿਸ਼ਵਾਸ ਦਿੰਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਵੱਖਰਾ ਮੈਚ ਹੋਵੇਗਾ। ਇਹੀ ਇਸ ਖੇਡ ਨੂੰ ਮਜ਼ੇਦਾਰ ਬਣਾਉਂਦਾ ਹੈ। ਪਿਛਲੇ ਹਫ਼ਤੇ ਅਸੀਂ ਬਿਲਕੁਲ ਵੱਖਰੇ ਮਾਹੌਲ ਵਿੱਚ ਖੇਡ ਰਹੇ ਸੀ। ਅਤੇ ਹੁਣ ਇੱਕ ਨਵੀਂ ਕਿਸਮ ਦੀ ਚੁਣੌਤੀ ਹੋਵੇਗੀ। ਇਹੀ ਟੈਸਟ ਮੈਚ ਨੂੰ ਰੋਮਾਂਚਕ ਬਣਾਉਂਦਾ ਹੈ।"



ਗਿੱਲ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੂੰ 2021 ਵਿੱਚ ਸਾਊਥੈਂਪਟਨ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਐਡੀਸ਼ਨ ਦੇ ਫਾਈਨਲ ਵਿੱਚ ਅੱਠ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ। ਇਸ ਸੱਜੇ ਹੱਥ ਦੇ ਬੱਲੇਬਾਜ਼ ਨੇ ਉਸ ਮੈਚ ਵਿੱਚ 28 ਅਤੇ ਅੱਠ ਦੌੜਾਂ ਬਣਾਈਆਂ ਸਨ।


23 ਸਾਲਾ ਕਲਾਤਮਿਕ ਬੱਲੇਬਾਜ਼ ਨੇ ਕਿਹਾ ਕਿ ਉਸ ਦੀ ਟੀਮ ਨੇ ਉਸ ਨਿਰਾਸ਼ਾਜਨਕ ਹਾਰ ਤੋਂ ਬਹੁਤ ਕੁਝ ਸਿੱਖਿਆ ਹੈ। ਉਸ ਨੇ ਕਿਹਾ, "ਅਸੀਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਹੇ ਹਾਂ ਜੋ ਅਸੀਂ ਇੱਕ ਟੀਮ ਦੇ ਤੌਰ 'ਤੇ ਸਿੱਖੀਆਂ ਹਨ। ਅਸੀਂ ਉਸ ਮੈਚ ਦੀ ਬੱਲੇਬਾਜ਼ੀ ਬਾਰੇ ਵੀ ਗੱਲ ਕਰ ਰਹੇ ਹਾਂ। ਉਮੀਦ ਹੈ ਕਿ ਅਸੀਂ ਪਿਛਲੀ ਵਾਰ ਕੀਤੀਆਂ ਗਲਤੀਆਂ ਨੂੰ ਦੂਰ ਕਰ ਸਕਾਂਗੇ।"